ਆਉਣ ਵਾਲੇ ਸਮੇਂ ਵਿੱਚ ਹਰਿਆਣਾ ’ਚ ਬਣੇਗੀ ਇਨੈਲੋ ਦੀ ਸਰਕਾਰ : ਚੌਟਾਲਾ

ਫ਼ੈਕ੍ਟ ਸਮਾਚਾਰ ਸੇਵਾ ਅੰਬਾਲਾ, ਸਤੰਬਰ 5

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹਰਿਆਣਾ ’ਚ ਇਨੈਲੋ ਦੀ ਸਰਕਾਰ ਬਣੇਗੀ। ਸਰਕਾਰ ਬਣਨ ਤੋਂ ਬਾਅਦ ਉਹ ਹਰ ਨੌਜਵਾਨ ਨੂੰ ਨੌਕਰੀ ਦਿਵਾਉਣਗੇ ਭਾਵੇਂ ਇਸ ਲਈ ਉਨ੍ਹਾਂ ਨੂੰ ਫਾਂਸੀ ਹੀ ਕਿਉਂ ਨਾ ਚੜ੍ਹਨਾ ਪਵੇ।

ਉਨ੍ਹਾਂ ਸਾਹਾ ਦੇ ਇੱਕ ਪੈਲੇਸ ਵਿੱਚ ਵਰਕਰਾਂ ਦੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹਰ ਨੌਜਵਾਨ ਨੂੰ ਨੌਕਰੀ ਦੇਣ ਦੇ ਭਾਜਪਾ-ਜਜਪਾ ਦੇ ਵਾਅਦੇ ਹਵਾ ਹੋ ਗਏ ਹਨ ਅਤੇ ਸੂਬੇ ਦੇ ਨੌਜਵਾਨ ਨੌਕਰੀ ਦੀ ਤਲਾਸ਼ ਵਿੱਚ ਇੱਧਰ-ਉੱਧਰ ਭਟਕ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਸਿਰ 2.50 ਲੱਖ ਕਰੋੜ ਦਾ ਕਰਜ਼ਾ ਹੈ। ਉਨ੍ਹਾਂ ਕਿਹਾ ਕਿ ਰਾਜ ਵਿੱਚ ਸਿਆਸੀ ਹਾਲਾਤ ਵਿਗੜ ਰਹੇ ਹਨ ਤੇ ਸਰਕਾਰ ਲੋਕ ਹਿੱਤ ਲਈ ਕੋਈ ਕੰਮ ਨਹੀਂ ਕਰ ਰਹੀ।

ਉਨ੍ਹਾਂ ਕਿਹਾ ਕਿ ਕਾਂਗਰਸ ਨੇ 2005 ਵਿੱਚ ਇੱਕ ਸਾਜ਼ਿਸ਼ ਤਹਿਤ ਉਨ੍ਹਾਂ ਨੂੰ 3206 ਨੌਜਵਾਨਾਂ ਨੂੰ ਨੌਕਰੀ ਦੇਣ ਦੇ ਮਾਮਲੇ ਵਿੱਚ ਜੇਲ੍ਹ ਭੇਜਿਆ ਸੀ। ਪਰ ਪਾਰਟੀ ਵਰਕਰਾਂ ਤੇ ਆਗੂਆਂ ਦੀ ਮਿਹਨਤ ਸਦਕਾ ਇਨੈਲੋ ਹੋਰ ਮਜ਼ਬੂਤ ਹੋ ਕੇ ਉੱਭਰ ਰਹੀ ਹੈ। ਇਸ ਰੈਲੀ ਨੂੰ ਇਨੈਲੋ ਦੇ ਯੁਵਾ ਇੰਚਾਰਜ ਕਰਨ ਚੌਟਾਲਾ, ਸੂਬਾ ਪ੍ਰਧਾਨ ਨਫ਼ੇ ਸਿੰਘ ਰਾਠੀ, ਕੌਮੀ ਮੀਤ ਪ੍ਰਧਾਨ ਪ੍ਰਕਾਸ਼ ਭਾਰਤੀ, ਯੁਵਾ ਸੂਬਾ ਪ੍ਰਧਾਨ ਸੁਰਜੀਤ ਸੰਧੂ, ਜ਼ਿਲ੍ਹਾ ਪ੍ਰਧਾਨ ਸ਼ੀਸ਼ਪਾਲ ਜੰਧੇੜੀ, ਸਾਬਕਾ ਵਿਧਾਇਕ ਸ਼ਾਮ ਸਿੰਘ ਰਾਣਾ, ਪ੍ਰਦੇਸ਼ ਕਾਰਜਕਾਰਨੀ ਮੈਂਬਰ ਜਗਮਾਲ ਰੌਲੋਂ, ਲਾਲੀ ਭਾਨੋਖੇੜੀ, ਤੇਜਪਾਲ ਸ਼ਰਮਾ, ਕ੍ਰਿਸ਼ਨ ਰਾਣਾ ਤੇ ਹਲਕਾ ਪ੍ਰਧਾਨ ਅਵਤਾਰ ਸ਼ੇਰਗਿੱਲ ਨੇ ਵੀ ਸੰਬੋਧਨ ਕੀਤਾ।

More from this section