ਖੇਡ

ਭਾਰਤੀ ਖਿਡਾਰੀਆਂ ਦਾ ਪਹਿਲਾ ਦਲ ਟੋਕੀਓ ਪੈਰਾਲੰਪਿਕ ਲਈ ਰਵਾਨਾ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ , ਅਗਸਤ 18

ਭਾਰਤੀ ਖਿਡਾਰੀਆਂ ਦਾ ਪਹਿਲਾ ਦਲ ਅੱਜ ਟੋਕੀਓ ਪੈਰਾਲੰਪਿਕ ਲਈ ਰਵਾਨਾ ਹੋ ਗਿਆ ਜਿਸ ’ਚ ਭਾਰਤ ਦੇ ਝੰਡਾਬਰਦਾਰ ਮਰੀਅੱਪਨ ਥੰਗਾਵੇਲੂ ਵੀ ਸ਼ਾਮਲ ਹਨ। ਅੱਠ ਮੈਂਬਰੀ ਦਲ ਨੂੰ ਵਿਦਾਈ ਦੇਣ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਖੇਡ ਮੰਤਰਾਲਾ, ਭਾਰਤੀ ਖੇਡ ਅਥਾਰਿਟੀ ਤੇ ਭਾਰਤੀ ਪੈਰਾਲੰਪਿਕ ਕਮੇਟੀ ਦੇ ਅਧਿਕਾਰੀ ਮੌਜੂਦ ਸਨ। ਮਰੀਅੱਪਨ ਦੇ ਇਲਾਵਾ ਟੇਕ ਚੰਦ ਤੇ ਵਿਨੋਦ ਕੁਮਾਰ ਵੀ ਇਸ ਦਲ ’ਚ ਸ਼ਾਮਲ ਸਨ।

ਪੈਰਾਲੰਪਿਕ ਕਮੇਟੀ ਆਫ਼ ਇੰਡੀਆ (ਪੀ. ਸੀ. ਆਈ.) ਦੀ ਪ੍ਰਧਾਨ ਦੀਪਾ ਮਲਿਕ ਨੇ ਇਸ ਮੌਕੇ ’ਤੇ ਕਿਹਾ ਕਿ ਪੂਰਾ ਦੇਸ਼, ਪ੍ਰਧਾਨਮੰਤਰੀ ਅਤੇ ਖੇਡ ਮੰਤਰੀ ਅੱਜ ਸਾਡੀ ਹੌਸਲਾਆਫਜ਼ਾਈ ਕਰ ਰਹੇ ਹਨ। ਪੈਰਾਲੰਪਿਕ ਲਈ ਜਾ ਰਿਹਾ ਹਰ ਖਿਡਾਰੀ ਪਹਿਲਾਂ ਹੀ ਜੇਤੂ ਹੈ। ਮੈਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦੀ ਹਾਂ।ਵ੍ਹੀਲਚੇਅਰ ’ਤੇ ਜਾ ਰਹੇ ਖਿਡਾਰੀਆਂ ਨੂੰ ਪਹਿਲੀ ਵਾਰ ਸਵਯਮ ਇੰਡੀਆ ਨੇ ਵਿਸ਼ੇਸ਼ ਵਾਹਨ ਮੁਹੱਈਆ ਕਰਾਏ ਜਿਸ ਨਾਲ ਉਨ੍ਹਾਂ ਦੀ ਆਵਾਜਾਈ ਸੌਖੀ ਹੋ ਗਈ ਹੈ। ਇਸ ਨੂੰ ਰੇਵਾੜੀ ਤੋਂ ਆਏ ਟੇਕ ਚੰਦ ਤੇ ਨੋਇਡਾ ਤੋਂ ਆਈ ਮਲਿਕ ਨੇ ਇਸਤੇਮਾਲ ਕੀਤਾ ਹੈ।

ਭਾਰਤ ਦਾ ਦੂਜਾ ਦਲ ਅੱਜ ਸ਼ਾਮ ਨੂੰ ਰਵਾਨਾ ਹੋਵੇਗਾ ਜਿਸ ’ਚ ਪੀ. ਸੀ. ਆਈ ਪ੍ਰਧਾਨ ਸਮੇਤ 14 ਲੋਕ ਹਨ। ਪੈਰਾਲੰਪਿਕ 24 ਅਗਸਤ ਤੋਂ ਸ਼ੁਰੂ ਹੋਣਗੇ ਤੇ ਭਾਰਤ 25 ਅਗਸਤ ਤੋਂ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ।