ਸੈਕਟਰ 7 ਸਥਿਤ ਇੱਕ ਰੈਸਟੋਰੈਂਟ ‘ਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ, ਜੁਲਾਈ 22

ਸਥਾਨਕ ਸੈਕਟਰ 7 ਸਥਿਤ ਇੱਕ ਰੈਸਟੋਰੈਂਟ ਵਿੱਚ ਅੱਗ ਲੱਗ ਗਈ। ਅੱਗ ਲੱਗਣ ਨਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਲੱਖਾਂ ਰੁਪਏ ਦੇ ਸਾਮਾਨ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਮਿਲੀ ਜਾਣਕਾਰੀ ਅਨੁਸਾਰ ਇਥੇ ਸੈਕਟਰ 7 ਸਥਿਤ ਸ਼ੋਅ ਰੂਮ ਨੰਬਰ ਵਿੱਚ ਸਥਿਤ ਇੱਕ ਰੈਸਟੋਰੈਂਟ ਵਿੱਚ ਨਵੀਨੀਕਰਨ ਦਾ ਕੰਮ ਚੱਲ ਰਿਹਾ ਸੀ ਤੇ ਇਸ ਮੌਕੇ ਉਥੇ ਲਗਪਗ 30 ਤੋਂ 35 ਦੇ ਲਗਪਗ ਵਰਕਰ ਕੰਮ ਰਹੇ ਸਨ। ਇਸੀ ਦੌਰਾਨ ਦੇਰ ਸ਼ਾਮ ਸੈਕਟਰ 7 ਦੇ ਸ਼ੋਅ ਰੂਮ ਨੰਬਰ 15 ਏ ਵਿੱਚ ਪੌਣੇ ਸੱਤ ਵਜੇ ਦੇ ਕਰੀਬ ਧਮਾਕੇ ਨਾਲ ਉਥੇ ਰੱਖੇ ਸਾਮਾਨ ਨੂੰ ਅੱਗ ਲੱਗ ਗਈ ਤੇ ਚਾਰੇ ਪਾਸੇ ਕਾਲਾ ਧੁਆਂ ਫੈਲ ਗਿਆ। ­

ਅੱਗ ਲੱਗਣ ਨਾਲ ਸ਼ੋਅ ਰੂਮ ਸਮੇਤ ਆਸਪਾਸ ਦੇ ਇਲਾਕੇ ਵਿੱਚ ਲੋਕਾਂ ਨੂੰ ਭੱਜ ਨੱਠ ਪੈ ਗਈ ਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਅੱਗ ਲੱਗਣ ਦੀ ਘਟਨਾ ਨੂੰ ਲੈ ਕੇ ਪੁਲੀਸ ਕੰਟਰੋਲ ਰੂਮ ਤੇ ਚੰਡੀਗੜ੍ਹ ਦੇ ਫਾਇਰ ਬ੍ਰਿਗੇਡ ਵਿੰਗ ਨੂੰ ਸੂਚਨਾ ਦਿੱਤੀ ਗਈ। ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਸ਼ੋਅ ਰੂਮ ਦੇ ਨਵੀਨੀਕਰਨ ਦਾ ਕੰਮ ਕਰ ਰਹੇ ਵਰਕਰਾਂ ਨੂੰ ਬਾਹਰ ਕੱਢਿਆ ਤੇ ਅੱਗ ਤੇ ਕਾਬੂ ਪਾਉਣ ਦੀ ਕਾਰਵਾਈ ਸ਼ੁਰੂ ਕੀਤੀ। ਨਗਰ ਨਿਗਮ ਦੇ ਫਾਇਰ ਬ੍ਰਿਗੇਡ ਵਿੰਗ ਦੀਆਂ ਟੀਮਾਂ ਸ਼ਹਿਰ ਦੇ ਵੱਖ ਵੱਖ ਫਾਇਰ ਸਟੇਸ਼ਨਾਂ ਤੋਂ ਆਈਆਂ ਪੰਜ ਅੱਗ ਬੁਝਾਊ ਗੱਡੀਆਂ ਨਾਲ ਅੱਗ ਬੁਝਾਉਣ ਵਿੱਚ ਜੁਟਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਸ਼ੋਅ ਰੂਮ ’ਚ ਜਾਰੀ ਨਵੀਨੀਕਰਨ ਦੇ ਕੰਮ ਨੂੰ ਲੈ ਕੇ ਤਿਆਰ ਕੀਤੀਆਂ ਕੁਰਸੀਆਂ ਤੇ ਉਥੇ ਪਈ ਫੋਮ ਨਾਲ ਅੱਗ ਇੱਕ ਦਮ ਭੜਕ ਗਈ ਤੇ ਇਲਾਕੇ ਵਿੱਚ ਚੁਫੇਰੇ ਕਾਲਾ ਧੋਆਂ ਛਾ ਗਿਆ। ਅੱਗ ਲੱਗਣ ਦੇ ਸਹੀ ਕਾਰਨ ਦਾ ਪਤਾ ਨਹੀਂ ਲੱਗ ਸਕਿਆ, ਪਰ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਨਵੀਨੀਕਰਨ ਦੌਰਾਨ ਉਥੇ ਸਪਾਰਕਿੰਗ ਹੋਣ ਨਾਲ ਅੱਗ ਲੱਗੀ ਹੋਵੇਗੀ। ਅੱਗ ਲੱਗਣ ਨਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਸੂਚਨਾਂ ਨਹੀਂ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਸ਼ੋਅ ਰੂਮ ਦੇ ਨਵੀਨੀਕਰਨ ਨੂੰ ਲੈਕੇ ਉਥੇ ਰਖਿਆ ਲੱਖਾਂ ਰੁਪਏ ਦਾ ਸਾਜ਼ੋ ਸਾਮਾਨ ਤੇ ਹੋਰ ਸਮੱਗਰੀ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਅਸਲ ਨੁਕਸਾਨ ਬਾਰੇ ਅੱਗ ਬੁੱਝਣ ਤੋਂ ਬਾਅਦ ਕੀਤੀ ਜਾਣ ਵਾਲੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਅੱਗ ਲੱਗਣ ਨਾਲ ਸ਼ੋਅ ਰੂਮ ਦੇ ਨਾਲ ਲਗਦੀ ਸੜਕ ’ਤੇ ਵਾਹਨਾਂ ਦਾ ਜਾਮ ਲੱਗ ਗਿਆ ਅਤੇ ਮੌਕੇ ’ਤੇ ਪਹੁੰਚੀ ਪੁਲੀਸ ਨੇ ਬੜੀ ਮੁਸ਼ਕਲ ਨਾਲ ਵਾਹਨਾਂ ਦੀ ਆਵਾਜਾਈ ਸ਼ੁਰੂ ਕਰਵਾਈ।

More from this section