ਪੰਜਾਬ

ਅੰਮ੍ਰਿਤਸਰ ‘ਚ ਮੁੜ ਬਰਾਮਦ ਹੋਏ ਵਿਸਫੋਟਕ ਤੇ ਗਰਨੇਡ, ਮਚੀ ਭਾਜੜ

ਫ਼ੈਕ੍ਟ ਸਮਾਚਾਰ ਸੇਵਾ ਅੰਮ੍ਰਿਤਸਰ , ਅਗਸਤ 16

ਪੰਜਾਬ ਦੇ ਅੰਮ੍ਰਿਤਸਰ ਸਥਿਤ ਘਰਿੰਡਾ ਇਲਾਕੇ ‘ਚ ਵਿਸਫੋਟਕ ਪਦਾਰਥ ਬਰਾਮਦ ਹੋਇਆ ਹੈ। ਪੁਲਿਸ ਨੇ ਇੱਥੋਂ 2 ਗਰਨੇਟ ਅਤੇ 4 ਪਿਸਤੌਲਾਂ ਬਰਾਮਦ ਕੀਤੀਆਂ ਹਨ। ਪੁਲਿਸ ਜਾਂਚ ਵਿਚ ਜੁਟੀ ਹੈ ਕਿ ਇਹ ਕਿੱਥੋਂ ਆਏ ਹਨ। ਜਿਕਰਯੋਗ ਹੈ ਕਿ ਆਜ਼ਾਦੀ ਦਿਹਾੜੇ ’ਤੇ ਕੌਮੀ ਝੰਡਾ ਲਹਿਰਾਏ ਜਾਣ ਤੋਂ ਦੋ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਵੀ ਸ਼ਹਿਰ ਦੀ ਪਾਸ਼ ਕਾਲੋਨੀ ਰਣਜੀਤ ਐਵੇਨਿਊ ’ਚ ਹੈਂਡ ਗ੍ਰਨੇਡ ਮਿਲਣ ਨਾਲ ਸ਼ਹਿਰ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ। ਇਹ ਸਥਾਨ ਮੁੱਖ ਮੰਤਰੀ ਦੇ ਸਮਾਗਮ ਵਾਲੇ ਸਥਾਨ ਤੋਂ ਸਿਰਫ਼ ਅੱਧਾ ਕਿਲੋਮੀਟਰ ਦੀ ਦੂਰੀ ’ਤੇ ਸੀ। ਗਰਨੇਡ ਬਾਰੇ ਜਾਣਕਾਰੀ ਮਿਲਦੇ ਹੀ ਪੁਲਿਸ, ਫ਼ੌਜ ਤੇ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਮੌਕੇ ’ਤੇ ਪੁੱਜ ਗਏ ਸਨ। ਬੰਬ ਨਕਾਰਾ ਕਰਨ ਵਾਲੇ ਦਸਤੇ ਨੇ ਗ੍ਰਨੇਡ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਤੇ ਮਾਨਾਂਵਾਲਾ ਕੋਲ ਖ਼ਾਲੀ ਮੈਦਾਨ ’ਚ ਉਸ ਨੂੰ ਨਕਾਰਾ ਕਰ ਦਿੱਤਾ।

ਸ਼ੁੱਕਰਵਾਰ ਸਵੇਰੇ ਨਗਰ ਨਿਗਮ ਦੇ ਮੁਲਾਜ਼ਮ ਰਣਜੀਤ ਐਵੇਨਿਊ ਦੇ ਡੀ-ਬਲਾਕ ’ਚ ਸਫ਼ਾਈ ਕਰ ਰਹੇ ਸਨ। ਉਨ੍ਹਾਂ ਇਕ ਰਿਟਾਇਰਡ ਕਰਨਲ ਦੇ ਘਰ ਬਾਹਰ ਕੁੜੇ ਦੇ ਢੇਰ ’ਤੇ ਗ੍ਰਨੇਡ ਪਿਆ ਦੇਖਿਆ ਤਾਂ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਡੀਸੀਪੀ (ਲਾਅ ਐਂਡ ਆਰਡਰ) ਪਰਮਿੰਦਰ ਸਿੰਘ ਭੰਡਾਲ, ਡੀਸੀਪੀ (ਡਿਟੈਕਟਿਵ) ਮੁਖਵਿੰਦਰ ਸਿੰਘ ਤੇ ਥਾਣਾ ਰਣਜੀਤ ਐਵੇਨਿਊ ਦੇ ਐੱਸਐੱਚਓ ਰੋਬਿਨ ਹੰਸ, ਬੰਬ ਨਕਾਰਾ ਕਰਨ ਵਾਲੇ ਦਸਤੇ ਸਮੇਤ ਵੱਡੀ ਗਿਣਤੀ ’ਚ ਪੁਲਿਸ ਅਧਿਕਾਰੀ ਤੇ ਮੁਲਾਜ਼ਮ ਘਟਨਾ ਵਾਲੀ ਥਾਂ ’ਤੇ ਪੁੱਜ ਗਏ ਅਤੇ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਮੌਕੇ ‘ਤੇ ਪੁੱਜੇ ਐੱਸਐੱਚਓ ਰੋਬਿਨ ਹੰਸ ਨੇ ਦੱਸਿਆ ਕਿ ਜਾਂਚ ਕਰਨ ’ਤੇ ਪਤਾ ਲੱਗਾ ਕਿ ਗ੍ਰਨੇਡ ਜ਼ਿੰਦਾ ਸੀ ਅਤੇ ਕਦੇ ਵੀ ਫਟ ਸਕਦਾ ਸੀ। ਜਾਂਚ ’ਚ ਇਹ ਵੀ ਪਤਾ ਲੱਗਾ ਕਿ ਗਰਨੇਡ ਦੀ ਪਿੰਨ ਵੀ ਨਿਕਲੀ ਹੋਈ ਸੀ। ਇਸ ਮਗਰੋਂ ਬੰਬ ਨਕਾਰਾ ਕਰਨ ਵਾਲੇ ਦਸਤੇ ਨੇ ਹੈਂਡ ਗ੍ਰਨੇਡ ਨੂੰ ਆਪਣੇ ਕਬਜ਼ੇ ’ਚ ਲੈ ਕੇ ਮਾਨਾਂਵਾਲਾ ਨੇੜੇ ਖ਼ਾਲੀ ਥਾਂ ’ਚ ਨਕਾਰਾ ਕਰ ਦਿੱਤਾ ਗਿਆ ਸੀ। ਇਹ ਬੰਬ ਐੱਚਈ-36 ਹੈਂਡ ਗ੍ਰਨੇਡ ਵਰਗਾ ਦਿਖਾਈ ਦੇ ਰਿਹਾ ਸੀ ਜਿਸ ਦੀ ਵਰਤੋਂ ਭਾਰਤੀ ਫ਼ੌਜ, ਨੀਮ ਫ਼ੌਜੀ ਦਸਤਿਆਂ ਤੇ ਸੂਬਿਆਂ ਦੀ ਪੁਲਿਸ ਵੱਲੋਂ ਕੀਤੀ ਜਾਂਦੀ ਹੈ।