ਪੰਜਾਬ

11 ਮੈਂਬਰੀ ਕੋਆਪ੍ਰੇਟਿਵ ਸੁਸਾਇਟੀ ਚੰਨੋ ‘ਤੇ ਕਾਂਗਰਸ ਪਾਰਟੀ ਨੇ 7 ਮੈਂਬਰਾਂ ਦੇ ਬਹੁਮਤ ਨਾਲ ਕੀਤਾ ਕਬਜ਼ਾ

ਫ਼ੈਕ੍ਟ ਸਮਾਚਾਰ ਸੇਵਾ ਸੰਗਰੂਰ, ਅਗਸਤ 18

ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਅਧੀਨ ਕਿਸਾਨਾਂ, ਖੇਤ ਮਜ਼ਦੂਰਾਂ ਤੇ ਇਲਾਕੇ ਦੇ ਛੋਟੇ ਕਾਰੋਬਾਰੀਆਂ ਦੀ ਭਾਗੀਦਾਰੀ ਨਾਲ ਚਲਾਈ ਜਾ ਰਹੀ 11 ਮੈਂਬਰੀ ਕੋਆਪ੍ਰੇਟਿਵ ਸੁਸਾਇਟੀ ਚੰਨੋ ਦੇ ਅਹੁਦੇਦਾਰਾਂ ਦੀ ਚੋਣ ਮੌਕੇ ਕਾਂਗਰਸ ਪਾਰਟੀ ਨੇ 7 ਮੈਂਬਰਾਂ ਦੇ ਬਹੁਮਤ ਨਾਲ ਆਪਣਾ ਕਬਜ਼ਾ ਕੀਤਾ। ਇਲਾਕੇ ਦੇ ਚਾਰ ਪਿੰਡਾਂ; ਚੰਨੋ, ਭਰਾਜ, ਨੂਰਪੁਰਾ ਤੇ ਲੱਖੇਵਾਲ, ਦੀ ਸਾਂਝੀ ਸੁਸਾਇਟੀ ਦੇ ਕਾਂਗਰਸ ਦੇ 7 ਮੈਂਬਰਾਂ ਨੇ ਸਰਬ-ਸੰਮਤੀ ਨਾਲ ਲਖਵਿੰਦਰ ਸਿੰਘ ਨੂੰ ਪ੍ਰਧਾਨ ਅਤੇ ਸਤਨਾਮ ਸਿੰਘ ਨੂੰ ਸਭਾ ਦਾ ਮੀਤ ਪ੍ਰਧਾਨ ਚੁਣਿਆ। ਇਸ ਮੌਕੇ ਕਾਂਗਰਸ ਪਾਰਟੀ ਨਾਲ ਸਬੰਧਤ ਪ੍ਰਧਾਨ ਰਾਜਿੰਦਰ ਸਿੰਘ, ਮੀਤ ਪ੍ਰਧਾਨ ਭੁਪਿੰਦਰ ਸਿੰਘ, ਗੁਰਮੀਤ ਕੌਰ, ਕਮਿੱਕਰ ਸਿੰਘ ਅਤੇ ਅਮਰਜੀਤ ਸਿੰਘ ਕਾਰਜਕਰਨੀ ਦੇ ਮੈਂਬਰ ਚੁਣੇ ਗਏ।

ਇਸ ਮੌਕੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਤੇ ਕਾਂਗਰਸ ਪਾਰਟੀ ਦੇ ਹੋਰਨਾਂ ਆਗੂਆਂ ਤੇ ਵਰਕਰਾਂ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ ਤੇ ਸਭਾ ਦੇ ਕੰਮ ਨੂੰ ਸਹੀ ਢੰਗ ਨਾਲ ਚਲਾਉਣ ਲਈ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਨਵੀਂ ਚੁਣੀ ਗਈ ਟੀਮ ਨੂੰ ਹੁਣ ਆਪਣਾ ਕੰਮ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਕਰਨਾ ਚਾਹੀਦਾ ਹੈ ਤੇ ਸਹਿਕਾਰਤਾ ਦੇ ਸਿਧਾਂਤ ਨਾਲ ਚਲਾਈ ਜਾਣ ਵਾਲੀ ਇਸ ਸੰਸਥਾ ਦੇ ਮੁਨਾਫ਼ੇ ਦਾ ਲਾਭ ਹਰ ਮੈਂਬਰ ਤੱਕ ਬਿਨਾ ਕਿਸੇ ਭੇਦ-ਭਾਵ ਨਾਲ ਪੁੱਜਦਾ ਕਰਨਾ ਚਾਹੀਦਾ ਹੈ।

ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਇਹ ਉਨ੍ਹਾਂ ਵੱਲੋਂ ਕਰਵਾਏ ਵਿਕਾਸ ਤੇ ਪਾਰਟੀ ਦੀਆਂ ਨੀਤੀਆਂ ਦਾ ਹੀ ਨਤੀਜਾ ਹੈ ਕਿ ਕਾਂਗਰਸ ਪਾਰਟੀ ਹਰ ਫਰੰਟ ‘ਤੇ ਕਾਮਯਾਬੀ ਦੀਆਂ ਨਵੀਂਆਂ ਬੁਲੰਦੀਆਂ ਛੂਹ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਬਿਨਾ ਕਿਸੇ ਵਿਤਕਰੇਬਾਜ਼ੀ ਤੋਂ ਹਰ ਵਰਗ ਦੀ ਭਲਾਈ ਤੇ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਦਿਨ-ਰਾਤ ਇੱਕ ਕਰਕੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੰਗਰੂਰ ਹਲਕੇ ਖ਼ਾਕਸਾਰ ਪਿੰਡਾਂ ਦੀ ਪਿਛਲੀਆਂ ਸਰਕਾਰਾਂ ਵੱਲੋਂ ਸਾਰ ਨਾ ਲਏ ਜਾਣ ਕਾਰਨ ਪਛੜੇ ਇਲਾਕਿਆਂ ‘ਚ ਹੋ ਰਹੀ ਗਿਣਤੀ ਨੂੰ ਉਨ੍ਹਾਂ ਮੁੜ ਸੁਧਾਰ ਕੇ ਪੰਜਾਬ ਦੇ ਸਭ ਤੋਂ ਤੇਜ਼ ਗਤੀ ਨਾਲ ਵਿਕਸਿਤ ਹੋ ਰਹੇ ਹਲਕਿਆਂ ਦੀ ਕਤਾਰ ‘ਚ ਲਿਆ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਸੰਗਰੂਰ ਪੰਜਾਬ ਦਾ ਵਿਕਾਸ ਪੱਖੋਂ ਸਭ ਤੋਂ ਮੋਹਰੀ ਹਲਕਾ ਬਣ ਕੇ ਉੱਭਰੇਗਾ ਜਿੱਥੇ ਵਿੱਦਿਅਕ ਅਦਾਰੇ, ਸਿਹਤ ਸੰਸਥਾਵਾਂ, ਸੜਕਾਂ, ਗਲ਼ੀਆਂ-ਨਾਲੀਆਂ ਤੇ ਹੋਰ ਬੁਨਿਆਦੀ ਸੇਵਾਵਾਂ ਸਭ ਤੋਂ ਉਚ ਦਰਜੇ ਦੀਆਂ ਉਪਲਬਧ ਹੋਣਗੀਆਂ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮ ਸਿੰਘ ਸਿੱਧੂ ਸਰਪੰਚ ਭਰਾਜ, ਤੇਜਇੰਦਰ ਸਿੰਘ ਢੀਂਡਸਾ ਸਰਪੰਚ ਚੰਨੋ, ਸਤਿੰਦਰ ਸਿੰਘ ਸਰਪੰਚ ਨੂਰਪੁਰਾ, ਨਿਰਭੈ ਸਿੰਘ, ਨਾਇਬ ਸਿੰਘ, ਕੁਲਦੀਪ ਸਿੰਘ,ਕਸ਼ਮੀਰ ਸਿੰਘ, ਮਨਿੰਦਰਪਾਲ ਗਿੰਨੀ, ਗੁਰਪ੍ਰੀਤ ਸਿੰਘ, ਸ਼ੇਰ ਸਿੰਘ, ਗੁਰਵਿੰਦਰ ਠੇਕੇਦਾਰ, ਜਸਕਰਨ ਸਿੰਘ, ਹਰਤਾਰ ਸਿੰਘ, ਧੰਨਾ ਸਿੰਘ, ਗਗਨਦੀਪ ਸਿੰਘ ਅਤੇ ਬਲਬੀਰ ਸਿੰਘ ਵੀ ਹਾਜ਼ਰ ਸਨ।