ਲੁਧਿਆਣਾ ਦੀ ਜਾਮਾ ਮਸਜਿਦ ’ਚ ਈਦ-ਉਲ-ਅਜ਼ਹਾ ਦੀ ਨਮਾਜ ਅਦਾ ਕੀਤੀ

ਫ਼ੈਕ੍ਟ ਸਮਾਚਾਰ ਸੇਵਾ ਲੁਧਿਆਣਾ, ਜੁਲਾਈ 21

ਫੀਲਡ ਗੰਜ ਚੌਂਕ ਸਥਿਤ ਇਤਿਹਾਸਿਕ ਜਾਮਾ ਮਸਜਿਦ ਸਮੇਤ ਸ਼ਹਿਰ ਦੀਆਂ ਹੋਰਨਾਂ ਸਾਰੀਆਂ ਮਸਜਿਦਾਂ ’ਚ ਈਦ ਉਲ ਅਜ਼ਹਾ (ਬਕਰੀਦ) ਦੀ ਨਮਾਜ ਅਦਾ ਕੀਤੀ ਗਈ। ਈਦ ਮੌਕੇ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਅੱਜ ਦਾ ਦਿਨ ਅਸੀਂ ਅੱਲਾ ਦੇ ਪਿਆਰੇ ਨਬੀ ਹਜ਼ਰਤ ਇਬਰਾਹੀਮ ਅਲਹਿੱਸਲਾਮ ਦੀ ਯਾਦ ’ਚ ਮਨਾਉਦੇ ਹਾਂ ਜਿਨਾਂ ਨੇ ਇਨਸਾਨ ਨੂੰ ਇਹ ਸਬਕ ਦਿੱਤਾ ਕਿ ਜੇਕਰ ਵਕਤ ਆਏ ਤਾਂ ਆਪਣੀ ਜਾਣ ਤੋਂ ਪਿਆਰੀ ਚੀਜ਼ ਵੀ ਅੱਲਾ ਦੀ ਰਾਹ ਵਿੱਚ ਕੁਰਬਾਨ ਕਰਨ ਤੋਂ ਨਾ ਘਬਰਾਓ।

ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਨੇ ਕਿਹਾ ਕਿ ਦੀਨ-ਏ-ਇਸਲਾਮ ਦੀ ਇਸ ਪ੍ਰੇਰਣਾ ਤੋਂ ਭਾਰਤ ਦੇ ਮੁਸਲਮਾਨਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅੰਗਰੇਜ਼ਾਂ ਨਾਲ ਟਕੱਰ ਲੈਂਦੇ ਹੋਏ ਹਜ਼ਾਰਾਂ ਕੁਰਬਾਨੀਆਂ ਦਿੱਤੀਆਂ ਸੀ, ਉਨਾਂ ਕਿਹਾ ਕਿ ਅੱਜ ਵੀ ਜੇਕਰ ਦੇਸ਼ ਨੂੰ ਜਰੂਰਤ ਪਵੇ ਤਾਂ ਮੁਸਲਮਾਨ ਕੁਰਬਾਨੀ ਦੇਣ ਨੂੰ ਤਿਆਰ ਹਨ। ਸ਼ਾਹੀ ਇਮਾਨ ਨੇ ਕਿਹਾ ਕਿ ਅੱਜ ਦਾ ਦਿਨ ਬਰਕਤ ਅਤੇ ਰਹਿਮਤ ਵਾਲਾ ਹੈ, ਦੁਆ ਕਬੂਲ ਹੁੰਦੀ ਹੈ ਅਤੇ ਅੱਲਾ ਦਾ ਹੁਕਮ ਹੈ ਕਿ ਈਦ ਦੇ ਦਿਨ ਗਰੀਬਾਂ ਅਤੇ ਜਰੂਰਤਮੰਦਾਂ ਦੀ ਮਦਦ ਕੀਤੀ ਜਾਵੇ।

ਸ਼ਾਹੀ ਇਮਾਮ ਨੇ ਨਮਾਜਿਆਂ ਨੂੰ ਕਿਹਾ ਕਿ ਅੱਜ ਈਦ ਦੇ ਦਿਨ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਕੋਈ ਵੀ ਗੁਆਂਢੀ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਭੁੱਖਾ ਨਾ ਰਹੇ। ਇਸ ਮੌਕੇ ਤੇ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹਮੰਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਇਸਲਾਮ ਧਰਮ ਦੇ ਤਿਉਹਾਰ ਇਬਾਦਤ ਅਤੇ ਨੇਕੀ ਦੀ ਰਾਹ ਦਿਖਾਉਦੇ ਹਨ, ਅਸੀਂ ਸਾਲ ਭਰ ਰੋਜਾਨਾਂ ਪੰਜ ਨਮਾਜਾਂ ਅਦਾ ਕਰਦੇ ਹਾਂ ਅਤੇ ਈਦ ਦੇ ਦਿਨ ਛੇ ਨਮਾਜਾਂ ਅਦਾ ਕਰਦੇ ਹਾਂ। ਉਸਮਾਨ ਲੁਧਿਆਣਵੀ ਨੇ ਕਿਹਾ ਕਿ ਕੁਰਬਾਨੀ ਦੇ ਇਸ ਦਿਨ ਅਸੀਂ ਸਭ ਇਸ ਸੰਕਲਪ ਨੂੰ ਦੋਹਰਾਉਦੇ ਹਾਂ ਕਿ ਜੇਕਰ ਦੇਸ਼ ਅਤੇ ਕੌਮ ਨੂੰ ਜਰੂਰਤ ਪਵੇ ਤਾਂ ਅਸੀਂ ਪਿੱਛੇ ਨਹੀਂ ਰਵਾਂਗੇ। ਇਸ ਮੌਕੇ ਲੁਧਿਆਣਾ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਅਤੇ ਏਸੀਪੀ ਸੈਂਟਰਲ ਸਰਦਾਰ ਵਰਿਆਮ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।

 

More from this section