ਚੰਡੀਗੜ੍ਹ

ਚੰਡੀਗੜ੍ਹ ’ਚ ਐਜੂਕੇਸ਼ਨ ਹੱਟ ਰਾਹੀਂ ਜ਼ਰੂਰਤਮੰਦ ਬੱਚਿਆਂ ਨੂੰ ਪੜ੍ਹਾਉਣਗੇ ਸਰਕਾਰੀ ਕਰਮਚਾਰੀ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਦਸੰਬਰ 5

ਚੰਡੀਗੜ੍ਹ ਦੇ ਸੰਦੀਪ ਕੁਮਾਰ ਨੇ ਮੌਲੀਜਾਗਰਾਂ ’ਚ ਐਜੂਕੇਸ਼ਨ ਹੱਟ ਦਾ ਨਿਰਮਾਣ ਕੀਤਾ ਹੈ। ਇਸ ’ਚ ਮੌਲੀਜਾਗਰਾਂ ’ਚ ਬਣੀਆਂ ਕਰੀਬ 50 ਝੁੱਗੀਆਂ ਦੇ ਬੱਚੇ ਸਕੂਲ ’ਚ ਪੜ੍ਹਾਈ ਕਰਨ ਤੋਂ ਬਾਅਦ ਸ਼ਾਮ ਨੂੰ ਪੜ੍ਹਾਈ ਕਰਨਗੇ। ਉਨ੍ਹਾਂ ਨੂੰ ਦੁਬਾਰਾ ਤੋਂ ਪੜ੍ਹਾਈ ਕਰਵਾਉਣ ਲਈ ਸ਼ਹਿਰ ਦੇ ਸਰਕਾਰੀ ਵਿਭਾਗਾਂ ’ਚ ਕੰਮ ਕਰਦੇ ਕਰਮਚਾਰੀ ਪਹੁੰਚਣਗੇ। ਅੱਜ ਇਸ ਐਜੂਕੇਸ਼ਨ ਹੱਟ ਦਾ ਸ਼ੁਭ-ਅਰੰਭ ਓਂਕਾਰ ਚੈਰੀਟੇਬਲ ਟਰੱਸਟ ਦੇ ਫਾਊਂਡਰ ਰਵਿੰਦਰ ਬਿੱਲਾ ਨੇ ਕੀਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਐਜੂਕੇਸ਼ਨ ਹੱਟ ਵਿੱਚ ਵਿਦਿਆਰਥੀਆਂ ਦੇ ਬੈਠਣ, ਕੁਰਸੀਆਂ, ਕਿਤਾਬਾਂ ਅਤੇ ਸਟੇਸ਼ਨਰੀ ਰੱਖਣ ਲਈ ਅਲਮੀਰਾ ਲਗਾਈ ਗਈ ਹੈ। ਇੱਥੇ ਸ਼ਾਮ ਤਿੰਨ ਵਜੇ ਤੋਂ ਬਾਅਦ ਪੜ੍ਹਾਈ ਸ਼ੁਰੂ ਕੀਤੀ ਜਾਵੇਗੀ। ਸਕੂਲ ਜਾਣ ਵਾਲੇ ਸਾਰੇ ਬੱਚੇ ਸ਼ਾਮ ਨੂੰ ਆ ਕੇ ਐਜੂਕੇਸ਼ਨ ਹੱਟ ਵਿੱਚ ਹੋਮਵਰਕ ਕਰ ਸਕਦੇ ਹਨ। ਜਿਹੜੇ ਬੱਚੇ ਕਿਸੇ ਕਾਰਨ ਸਕੂਲ ਨਹੀਂ ਜਾਂਦੇ, ਉਹ ਵੀ ਇੱਥੇ ਆ ਕੇ ਪੜ੍ਹ ਸਕਦੇ ਹਨ ਅਤੇ ਇਹ ਸ਼ਾਮ 6-7 ਵਜੇ ਤਕ ਚੱਲੇਗਾ। ਇਸ ਵਿੱਚ ਪੜ੍ਹ ਰਹੇ ਅਧਿਆਪਕ ਮੁਫਤ ਸੇਵਾਵਾਂ ਦੇਣਗੇ ਅਤੇ ਪੜ੍ਹਾਈ ਲਈ ਕਿਤਾਬਾਂ ਤੋਂ ਲੈ ਕੇ ਸਟੇਸ਼ਨਰੀ ਦਾ ਸਮਾਨ ਸੰਦੀਪ ਕੁਮਾਰ ਵੱਲੋਂ ਚਲਾਏ ਜਾ ਰਹੇ ਓਪਨ ਆਈਜ਼ ਫਾਊਂਡੇਸ਼ਨ ਵੱਲੋਂ ਦਿੱਤਾ ਜਾਵੇਗਾ। ਐਜੂਕੇਸ਼ਨ ਹੱਟ ਵਿੱਚ 30 ਤੋਂ 40 ਵਿਦਿਆਰਥੀਆਂ ਲਈ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਜੇਕਰ ਕੋਈ ਬਜ਼ੁਰਗ ਜਾਂ ਮਾਪੇ ਵੀ ਵਿਦਿਆਰਥੀਆਂ ਨਾਲ ਪੜ੍ਹਨਾ ਚਾਹੁੰਦੇ ਹਨ ਤਾਂ ਉਹ ਵੀ ਇਸ ਸਥਾਨ ‘ਤੇ ਆ ਕੇ ਪੜ੍ਹ ਸਕਦੇ ਹਨ।