ਪੰਜਾਬ

ਯੋਜਨਾ ਤਹਿਤ ਜਿਲ੍ਹੇ ਵਿੱਚ ਹੁਣ ਤੱਕ 1,72,389 ਲਾਭਪਾਤਰੀਆਂ ਦੇ ਬਣੇ ਈ-ਕਾਰਡ

ਫ਼ੈਕ੍ਟ ਸਮਾਚਾਰ ਸੇਵਾ
ਫਰੀਦਕੋਟ  ਜੂਨ 17
ਡਿਪਟੀ ਕਮਿਸਨਰ ਵਿਮਲ ਕੁਮਾਰ ਸੇਤੀਆ ਨੇ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਆਯੂਸਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 100 ਪ੍ਰਤੀਸਤ ਲਾਭਪਾਤਰੀਆਂ ਨੂੰ ਕਵਰ ਕਰਨ ਦੇ ਟੀਚੇ ਤਹਿਤ ਸਿਹਤ ਵਿਭਾਗ, ਖੁਰਾਕ ਤੇ ਸਿਵਲ ਸਪਲਾਈ ਵਿਭਾਗ, ਮੰਡੀ ਬੋਰਡ, ਕਰ ਤੇ ਆਬਕਾਰੀ, ਕਿਰਤ ਵਿਭਾਗ, ਕਾਮਨ ਸਰਵਿਸ ਸੈਂਟਰ ਦੇ ਇੰਚਾਰਜ ਤੋਂ ਇਲਾਵਾ ਕੰਪਨੀ ਦੇ ਨੁਮਾਇੰਦਿਆਂ ਨਾਲ ਵਿਸੇਸ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਇਸ ਸਕੀਮ ਤਹਿਤ ਸਮੁੱਚੇ ਲਾਭਪਾਤਰੀਆਂ, ਪਰਿਵਾਰਾਂ ਨੂੰ ਕਵਰ ਕਰਨ ਦੀ ਹਦਾਇਤ ਕੀਤੀ। ਡਿਪਟੀ ਕਮਿਸਨਰ  ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਇਸ ਯੋਜਨਾ ਤਹਿਤ ਜਿਲ੍ਹੇ ਵਿੱਚ 1 ਲੱਖ, 2 ਹਜਾਰ 332 ਪਰਿਵਾਰਾਂ ਨੂੰ ਕਵਰ ਕੀਤਾ ਜਾਣਾ ਹੈ ਅਤੇ ਹੁਣ ਤੱਕ ਜਿਲ੍ਹੇ ਵਿੱਚ 78 ਪ੍ਰਤੀਸਤ ਦੇ ਕਰੀਬ ਇਹ ਕੰਮ ਹੋਇਆ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਟੀਚੇ ਨੂੰ 100 ਪ੍ਰਤੀਸਤ ਪੂਰਾ ਕੀਤਾ ਜਾਵੇ ਤਾਂ ਜੋ ਸਮੁੱਚੇ ਲਾਭਪਾਤਰੀਆਂ ਨੂੰ ਮੁਫਤ ਇਲਾਜ ਦੀ ਸਕੀਮ ਦਾ ਲਾਭ ਮਿਲ ਸਕੇ। ਡਿਪਟੀ ਕਮਿਸਨਰ  ਵਿਮਲ ਕੁਮਾਰ ਸੇਤੀਆ ਨੇ ਦੱਸਿਆ ਕਿ ਜਿਹੜੇ ਵਸਨੀਕਾਂ ਕੋਲ ਸਮਾਰਟ ਰਾਸ਼ਨ ਕਾਰਡ, ਕਿਰਤ ਵਿਭਾਗ ਨਾਲ ਰਜਿਸਟਰਡ ਮਜ਼ਦੂਰ, ਜੇ ਫਾਰਮ ਧਾਰਕ ਕਿਸਾਨ, ਐਕਰੀਡੇਟਿਡ ਅਤੇ ਪੀਲੇ ਕਾਰਡ ਧਾਰਕ ਪੱਤਰਕਾਰ, ਆਬਕਾਰੀ ਅਤੇ ਟੈਕਸ ਵਿਭਾਗ ਨਾਲ ਰਜਿਸਟਰਡ ਛੋਟੇ ਵਪਾਰੀ ਆਦਿ ਹਨ, ਉਹ ਆਪਣੇ ਆਪ ਨੂੰ ਇਨਪੈਨਲਡ ਹਸਪਤਾਲਾਂ ਵਿੱਚ ਪ੍ਰਤੀ ਪਰਿਵਾਰ 5 ਲੱਖ ਰੁਪਏ ਪ੍ਰਤੀ ਸਾਲ ਮੁਫ਼ਤ ਇਲਾਜ ਦਾ ਲਾਭ ਲੈਣ ਲਈ ਰਜਿਸਟਰਡ ਕਰਵਾ ਸਕਦੇ ਹਨ। ਉਨ੍ਹਾਂ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਏ.ਬੀ.ਐੱਸ.ਐੱਸ.ਬੀ.ਵਾਈ. ਸਕੀਮ ਦੇ ਈ-ਕਾਰਡ ਪ੍ਰਾਪਤ ਕਰਨ ਤਾਂ ਜੋ ਉਨ੍ਹਾਂ ਨੂੰ ਮੁਫਤ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦੇ ਲਾਭਪਾਤਰੀ ਸੇਵਾ ਕੇਂਦਰ ਤੋਂ ਪ੍ਰਤੀ ਕਾਰਡ 30 ਰੁਪਏ ਦੀ ਫੀਸ ਦੇ ਕੇ ਇਹ ਕਾਰਡ ਬਣਵਾ ਸਕਦੇ ਹਨ। ਉਨਾਂ ਦੱਸਿਆ ਕਿ ਟਾਇਪ 1 ਸੇਵਾ ਕੇਂਦਰਾਂ ਤੇ ਇਹ ਸੇਵਾ 17 ਫਰਵਰੀ ਤੋਂ, ਟਾਇਪ 2 ਸੇਵਾ ਕੇਂਦਰਾਂ ਤੇ 22 ਫਰਵਰੀ ਤੋਂ ਅਤੇ ਟਾਇਪ 3 ਸੇਵਾ ਕੇਂਦਰਾਂ ਤੇ ਇਹ ਸੇਵਾ ਉਪਲਬੱਧ ਹੈ।ਇਸ ਤੋ ਇਲਾਵਾ ਕਾਮਨ ਸੇਵਾ ਕੇਂਦਰਾਂ ਵਿੱਚ ਵੀ ਇਹ ਸੇਵਾ ਉਪਲਬਧ ਕਰਵਾਈ ਗਈ ਹੈ। ਉਨਾਂ ਨੇ ਸਾਰੇ ਅਜਿਹੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਜਿੰਨਾਂ ਨੇ ਹਾਲੇ ਕਾਰਡ ਨਹੀਂ ਬਣਵਾਏ ਉਹ ਬਿਨਾਂ ਦੇਰੀ ਇਹ ਕਾਰਡ ਬਣਵਾ ਲੈਣ। ਸੇਵਾ ਕੇਂਦਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਖੁੱਲੇ ਹੁੰਦੇ ਹਨ ਅਤੇ ਇਹ ਸ਼ਨੀਵਾਰ ਨੂੰ ਵੀ ਖੁੱਲੇ ਹੁੰਦੇ ਹਨ। ਇਸ ਯੋਜਨਾ ਸਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ਤੇ ਸੰਪਰਕ ਕੀਤਾ ਜਾ ਸਕਦਾ ਹੈ। ਡਾ. ਕੁਲਦੀਪ ਧੀਰ ਡਿਪਟੀ ਮੈਡੀਕਲ ਕਮਿਸਨਰ ਫਰੀਦਕੋਟ ਨੇ ਇਸ ਮੌਕੇ ਦੱਸਿਆ ਕਿ ਹੁਣ ਤੱਕ ਜਿਲ੍ਹੇ ਵਿੱਚ 1 ਲੱਖ 72 ਹਜ਼ਾਰ 389 ਲਾਭਪਾਤਰੀਆਂ ਦੇ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਾਏ ਜਾ ਚੁੱਕੇ ਹਨ ਜਦੋਂ ਕਿ 79 ਹਜ਼ਾਰ 498 ਪਰਿਵਾਰਾਂ ਦੇ ਹੁਣ ਤੱਕ ਯੋਜਨਾ ਤਹਿਤ ਕਵਰ ਕੀਤਾ ਜਾ ਚੁੱਕਾ ਹੈ। ਇਸ ਮੌਕੇ ਡੀ.ਐਸ.ਐਫ.ਸੀ. ਮੈਡਮ ਜਸਜੀਤ ਕੌਰ, ਡੀ.ਐਮ.ਓ. ਗੌਰਵ ਗਰਗ, ਡਾ. ਚੰਦਰ ਸ਼ੇਖਰ ਕੱਕੜ ਐਸ.ਐਮ.ਓ., ਸੰਜੀਵ  ਨੇਗੀ, ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕੰਪਨੀ ਦੇ ਨੁਮਾਇੰਦਿਆਂ ਵੀ ਹਾਜਰ ਸਨ।