ਪੰਜਾਬ

ਸੂਬੇ ਚ ਰਾਸ਼ਟਰਪਤੀ ਰਾਜ ਲਗਵਾਉਣ ਲਈ ਕੈਪਟਨ ਉਤਾਵਲੇ : ਡਾ.ਚੀਮਾ

ਫ਼ੈਕ੍ਟ ਸਮਾਚਾਰ ਸੇਵਾ ਰੂਪਨਗਰ, ਸਤੰਬਰ 15

ਰੂਪਨਗਰ ਹਲਕੇ ਤੋਂ ਅਕਾਲੀ ਬਸਪਾ ਦੇ ਐਲਾਨ ਕੀਤੇ ਉਮੀਦਵਾਰ ਅਤੇ ਸਾਬਕਾ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ ਨੇ ਡਾ.ਚੀਮਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ.ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਸਰਕਾਰ ਦੀਆਂ ਨਾਕਾਮੀਆਂ ਨੂੰ ਛਪਾਉਣ ਲਈ ਸੂਬੇ ਵਿਚ ਰਾਸ਼ਟਪਤੀ ਰਾਜ ਲਗਵਾਉਣ ਲਈ ਉਤਾਵਲੇ ਹਨ ਅਤੇ ਹੁਣ ਕਿਸਾਨ ਵਿਰੋਧੀ ਬਿਆਨ ਦੇ ਕੇ ਸੂਬੇ ਦਾ ਮਾਹੌਲ ਖਰਾਬ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੇ ਦੋ ਤਿੰਨ ਮਹੀਨੇ ਸੱਤਾ ਦੇ ਰਹਿ ਗਏ ਹਨ ਅਤੇ ਹੁਣ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਅਤੇ ਹੋਰ ਮੰਗਾਂ ਦੇ ਬਾਰੇ ਕੁਝ ਨਹੀਂ ਕਰ ਸਕਣਗੇ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਤੋਂ ਗੁੰਮਰਾਹ ਗਏ ਸਨ ਅਤੇ ਰੂਪਨਗਰ ਤੋਂ ਆਪ ਦਾ ਵਿਧਾਇਕ ਪਾਰਟੀ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਿਆ ਸੀ, ਇਸ ਲਈ ਹੁਣ ਆਮ ਆਦਮੀ ਪਾਰਟੀ ਤੋਂ ਲੋਕਾਂ ਦਾ ਭਰੋਸਾ ਉਠ ਚੁੱਕਿਆ ਹੈ। ਇਸ ਮੌਕੇ ਪਾਰਟੀ ਦੇ ਜਿਲ੍ਹਾਂ ਪ੍ਧਾਨ ਗੁਰਿੰਦਰ ਸਿੰਘ ਗੋਗੀ, ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਅਜਮੇਰ ਸਿੰਘ ਖੇਡ਼ਾ, ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ, ਪਰਮਜੀਤ ਸਿੰਘ ਮੱਕੜ ਅਤੇ ਹੋਰ ਆਗੂ ਮੌਜੂਦ ਸਨ।