ਪੰਜਾਬ

ਐਸ.ਏ.ਐਸ. ਨਗਰ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ 143 ਨਵੇਂ ਪੋਲਿੰਗ ਸਟੇਸ਼ਨ ਬਣਾਏ

ਫ਼ੈਕ੍ਟ ਸਮਾਚਾਰ ਸੇਵਾ ਐਸ.ਏ.ਐਸ. ਨਗਰ, ਸਤੰਬਰ 1

ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ 1200 ਤੋਂ ਵੱਧ ਵੋਟਾਂ ਵਾਲੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਅਤੇ ਪੋਲਿੰਗ ਸਟੇਸ਼ਨਾਂ ਦਾ ਫੀਸਦੀ ਨਿਰੀਖਣ ਮੁਕੰਮਲ ਹੋ ਗਿਆ ਹੈ। ਇਹ ਪ੍ਰਗਟਾਵਾ ਸਹਾਇਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਹਿਮਾਂਸ਼ੂ ਅਗਰਵਾਲ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਨੂੰ ਰੈਸ਼ਨੇਲਾਈਜੇਸ਼ਨ ਅਤੇ ਨਿਰੀਖਣ ਦੀ ਮੌਜੂਦਾ ਸਥਿਤੀ ਤੋਂ ਜਾਣੂੰ ਕਰਵਾਉਣ ਦੌਰਾਨ ਕੀਤਾ।

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਮੀਟਿੰਗ ਵਿੱਚ ਡਾ. ਅਗਰਵਾਲ ਨੇ ਅੱਗੇ ਦੱਸਿਆ ਕਿ ਖਰੜ ਹਲਕੇ (052) ਵਿੱਚ 57 ਨਵੇਂ ਪੋਲਿੰਗ ਸਟੇਸ਼ਨ ਜੋੜੇ ਗਏ ਹਨ, ਜਦੋਂ ਕਿ ਐਸ.ਏ.ਐਸ. ਨਗਰ ਹਲਕੇ (053) ਵਿੱਚ 34 ਨਵੇਂ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਸ ਤੋਂ ਇਲਾਵਾ ਡੇਰਾਬੱਸੀ ਹਲਕੇ (112) ਵਿੱਚ 52 ਹੋਰ ਸਟੇਸ਼ਨ ਸਿਰਜੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਕੁੱਲ ਜ਼ਿਲ੍ਹੇ ਦੇ ਕੁੱਲ ਤਿੰਨੇ ਵਿਧਾਨ ਸਭਾ ਹਲਕਿਆਂ ਵਿੱਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ 902 ਉਤੇ ਪਹੁੰਚ ਗਈ ਹੈ, ਜਦੋਂ ਕਿ ਪਹਿਲਾਂ ਇਹ ਗਿਣਤੀ 759 ਸਟੇਸ਼ਨਾਂ ਦੀ ਸੀ।

ਵਧੇਰੇ ਜਾਣਕਾਰੀ ਦਿੰਦਿਆਂ ਡਾ. ਅਗਰਵਾਲ ਨੇ ਦੱਸਿਆ ਕਿ ਜਿਨ੍ਹਾਂ ਦੀ ਪਹਿਲੀ ਵਾਰ ਵੋਟ ਬਣਨੀ ਹੈ। ਉਨ੍ਹਾਂ ਲਈ ਕਟ ਆਫ ਮਿਤੀ ਪਹਿਲੀ ਜਨਵਰੀ 2022 ਰੱਖੀ ਗਈ ਹੈ। ਯਾਨੀ ਕਿ ਪਹਿਲੀ ਜਨਵਰੀ 2022 ਤੱਕ ਉਨ੍ਹਾਂ ਦੀ ਉਮਰ 18 ਸਾਲ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਵੀਆਂ ਵੋਟਾਂ ਬਣਾਉਣ ਦਾ ਅਮਲ ਹਲਕੇ ਤੋਂ ਬੂਥ ਪੱਧਰ ਤੱਕ ਅਤੇ ਸਾਰੇ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਵਿਆਪਕ ਰੂਪ ਨਾਲ ਚੱਲੇਗਾ।

ਇਸ ਮੌਕੇ ਭਾਜਪਾ ਦੇ ਜੋਗਿੰਦਰ ਸਿੰਘ, ਬਸਪਾ ਦੇ ਸੁਖਦੇਵ ਸਿੰਘ, ਕਾਂਗਰਸ ਦੇ ਅਜੈਬ ਸਿੰਘ, ‘ਆਪ’ ਦੇ ਬਹਾਦਰ ਸਿੰਘ, ਅਕਾਲੀ ਦਲ (ਸੰਯੁਕਤ) ਦੇ ਡਾ: ਮੇਜਰ ਸਿੰਘ, ਅਕਾਲੀ ਦਲ ਦੇ ਅਸ਼ਵਨੀ, ਸੀਪੀਆਈ (ਐਮ) ਦੇ ਦਿਨੇਸ਼ ਪਾਲ, ਬਸਪਾ ਦੇ ਹਰਨੇਕ ਸਿੰਘ ਅਤੇ ਕਾਂਗਰਸ ਦੇ ਸੁਖਵੀਰ ਸਿੰਘ ਤੇ ਖੁਸ਼ਮੀਤ ਸਿੰਘ ਮੌਜੂਦ ਸਨ।