ਪੰਜਾਬ

ਖੇਤੀਬਾੜੀ ਵਿਭਾਗ ਵੱਲੋਂ ਜ਼ਿਲਾ ਪੱਧਰੀ ਕਿਸਾਨ ਸਿਖਲਾਈ ਕੈਂਪ

ਫੈਕਟ ਸਮਾਚਾਰ ਸੇਵਾ ਬਰਨਾਲਾ, ਸਤੰਬਰ 24

ਪੰਜਾਬ ਸਰਕਾਰ ਵੱਲੋਂ ਫਸਲੀ ਰਹਿੰਦ-ਖੂੰਹਦ ਦੇ ਵਾਤਾਵਰਣ ਪੱਖੀ ਨਿਬੇੜੇ ਲਈ ਆਧੁਨਿਕ ਮਸ਼ੀਨਰੀ ਸਬਸਿਡੀ ’ਤੇ ਮੁਹੱਈਆ ਕਰਾਈ ਜਾ ਰਹੀ ਹੈ। ਕਿਸਾਨ ਇਸ ਮਸ਼ੀਨਰੀ ਦਾ ਲਾਹਾ ਲੈਂਦੇ ਹੋਏ ਝੋਨੇ ਦੀ ਪਰਾਲੀ ਦਾ ਯੋਗ ਨਿਬੇੜਾ ਕਰਨ ਤਾਂ ਜੋ ਵਾਤਾਵਰਣ ਵੀ ਪ੍ਰਦੂਸ਼ਿਤ ਨਾ ਹੋਵੇ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਨਾ ਘਟੇ।

ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਸੀਆਰਐਮ ਸਕੀਮ ਤਹਿਤ ਫਸਲਾਂ ਦੀ ਰਹਿੰਦ-ਖੂੰਹਦ ਦੇ ਢੁਕਵੇਂ ਪ੍ਰਬੰਧਨ ਬਾਰੇ ਜਾਣਕਾਰੀ ਦੇਣ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂਂ ਮੁੱਖ ਖੇਤੀਬਾੜੀ ਅਫਸਰ ਡਾ. ਚਰਨਜੀਤ ਸਿੰਘ ਕੈਂਥ ਦੀ ਅਗਵਾਈ ਹੇਠ ਲਾਏ ਜ਼ਿਲਾ ਪੱਧਰੀ ਕਿਸਾਨ ਸਿਖਲਾਈ ਕੈਂਪ ਦੌਰਾਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਲਗਾਏ ਜਾ ਰਹੇ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ ਤੇ ਖੇਤੀਬਾੜੀ ਮਾਹਿਰਾਂ ਦੀਆਂ ਸਿਫਾਰਸ਼ਾਂ ਅਨੁਸਾਰ ਖੇਤੀ ਤਕਨੀਕਾਂ ਅਪਣਾਈਆਂ ਜਾਣ। ਉਨਾਂ ਕਿਹਾ ਕਿ ਖੇਤੀਬਾੜੀ ਨਾਲ ਸਹਾਇਕ ਧੰਦੇ ਵੀ ਅਪਣਾਏ ਜਾਣ ਤਾਂ ਜੋ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਸਕਣ।

ਉਨਾਂ ਕਿਹਾ ਕਿ ਘੱਟ ਪਾਣੀ ਲੈਣ ਵਾਲੀਆਂ ਤਕਨੀਕਾਂ ਨਾਲ ਫਸਲਾਂ ਦੀ ਬਿਜਾਈ ਕੀਤੀ ਜਾਵੇ ਤਾਂ ਜੋ ਪਾਣੀ ਦੀ ਬੱਚਤ ਕੀਤੀ ਜਾ ਸਕੇ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੌਮੀ ਗਰੀਨ ਟਿ੍ਰਬਿਊਨਲ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਪਰਾਲੀ ਨੂੰ ਬਿਲਕੁਲ ਵੀ ਅੱਗ ਨਾ ਲਗਾਈ ਜਾਵੇ। ਉਨਾਂ ਦੱਸਿਆ ਕਿ ‘ਆਈ ਖੇਤ ਐਪ’ ਰਾਹੀਂ ਕਿਸਾਨ ਆਪਣੇ ਨੇੜਲੇ ਖੇਤਰ ਵਿੱਚ ਲੋੜੀਂਦੀ ਮਸ਼ੀਨ ਦਾ ਪਤਾ ਕਰਕੇ ਇਸ ਨੂੰ ਕਿਰਾਏ ’ਤੇ ਲੈ ਸਕਦੇ ਹਨ।

ਇਸ ਕੈਂਪ ਵਿੱਚ ਤਕਨੀਕੀ ਜਾਣਕਾਰੀ ਦੇਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਾਇੰਸਦਾਨਾਂ ਦੀ ਟੀਮ ਡਾ. ਨਵਦੀਪ ਸਿੰਘ ਗਿੱਲ (ਟੀਮ ਇੰਚਾਰਜ) ਦੀ ਅਗਵਾਈ ਹੇਠ ਪੁੱਜੀ। ਇਸ ਤੋਂ ਇਲਾਵਾ ਐਸੋਸੀਏਟ ਡਾਇਰੈਕਟਰ ਕੇਵੀਕੇ ਡਾ. ਪ੍ਰਲਹਾਦ ਤੰਵਰ ਨੇ ਹਾੜੀ ਦੀਆਂ ਫਸਲਾਂ ਬਾਰੇ, ਡਾ. ਅਮਨਦੀਪ ਕੌਰ ਨੇ ਫਸਲਾਂ ਦੇ ਕੀੜੇ ਮਕੌੜਿਆਂ/ਬਿਮਾਰੀਆਂ ਬਾਰੇ, ਡਾ. ਹਰਦੀਪ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ਨੇ ਬਾਗਬਾਨੀ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ।

ਮੁੱਖ ਖੇਤੀਬਾੜੀ ਅਫਸਰ ਡਾ. ਚਰਨਜੀਤ ਸਿੰਘ ਕੈਂਥ ਨੇ ਜ਼ਿਲੇ ਵਿੱਚ ਚਲਾਈਆਂ ਜਾਂਦੀਆਂ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨਾਂ ਕਿਸਾਨਾਂ ਨੂੰ ਕਿਹਾ ਕਿ ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਸਲਾਹ ਅਨੁਸਾਰ ਹੀ ਕੀਤੀ ਜਾਵੇ ਤਾਂ ਜੋ ਵਾਧੂ ਖੇਤੀ ਖਰਚਿਆਂ ਨੂੰ ਘਟਾਇਆ ਜਾ ਸਕੇ।

ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਅਤੇ ਪਰਾਲੀ ਦਾ ਸੁਚੱਜਾ ਪ੍ਰਬੰਧ ਵਿਭਾਗ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਮਸ਼ੀਨਰੀ ਨਾਲ ਕੀਤਾ ਜਾਵੇ। ਉਨਾਂ ਦੱਸਿਆ ਕਿ ਪਰਾਲੀ ਦੇ ਸੁਚੱਜੇ ਪ੍ਰਬੰਧਨ ਸਬੰਧੀ ਖੇਤੀ ਮਸ਼ੀਨਰੀ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ।

ਇਸ ਕੈਂਪ ਵਿਚ ਆਤਮਾ ਸਕੀਮ ਤਹਿਤ ਬਣੇ “ਸੁਖਮਨੀ ਸਵੈ ਸਹਾਇਤਾ ਸੈਲਫ ਹੈਲਪ ਗਰੁੱਪ’’ ਵੱਲੋਂ ਕਿਸਾਨਾਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਆਤਮਾ ਕੀਤਾ ਗਿਆ। ਇਸ ਤੋਂ ਇਲਾਵਾ ਅਗਾਂਹਵਧੂ ਕਿਸਾਨਾਂ ਤੇ ਸਵੈ ਸਹਾਇਤਾ ਗਰੁੱਪ ਵੱਲੋ ਸਟਾਲ ਵੀ ਲਗਾਈ ਗਈ ਤੇ ਪਰਾਲੀ ਦੇ ਉਚਿਤ ਪ੍ਰਬੰਧਨ ਵਾਲੀਆਂ ਖੇਤੀ ਮਸ਼ੀਨਾਂ ਦੀ ਨੁਮਾਇਸ਼ ਵੀ ਲਗਾਈ ਗਈ।

ਇਸ ਮੌਕੇ ਡਾ. ਗੁਰਚਰਨ ਸਿੰਘ, ਡਾ. ਗੁਰਬਿੰਦਰ ਸਿੰਘ, ਡਾ. ਸੁਖਪਾਲ ਸਿੰਘ ਖੇਤੀਬਾੜੀ ਅਫਸਰ, ਡਾ. ਗੁਰਮੀਤ ਸਿੰਘ, ਡਾ. ਜੈਸਮੀਨ ਸਿੱਧੂ, ਡਾ. ਸਤਨਾਮ ਸਿੰਘ, ਡਾ. ਸੁਖਦੀਪ ਸਿੰਘ, ਡਾ. ਜਸਵਿੰਦਰ ਸਿੰਘ ਸਿੱਧੂ, ਡਾ. ਗੁਰਚਰਨ ਸਿੰਘ, ਡਾ. ਨਵਜੀਤ ਸਿੰਘ (ਖੇਤੀਬਾੜੀ ਵਿਕਾਸ ਅਫਸਰ) ਤੇ ਕਿਸਾਨ ਹਾਜ਼ਰ ਸਨ।