ਪੰਜਾਬ

ਜ਼ਿਲਾ ਤੇ ਸੈਸ਼ਨ ਜੱਜ, ਡੀ. ਸੀ ਅਤੇ ਐਸ. ਐਸ. ਪੀ ਵੱਲੋਂ ‘ਗੁਰੂ ਤੇਗ ਬਹਾਦਰ ਸਾਹਿਬ ਦੀ ਰੂਹਾਨੀ ਯਾਤਰਾ’ ਕੌਫੀ ਟੇਬਲ ਬੁੱਕ ਰਿਲੀਜ਼

ਫ਼ੈਕ੍ਟ ਸਮਾਚਾਰ ਸੇਵਾ
ਨਵਾਂਸ਼ਹਿਰ, ਜੁਲਾਈ 31
ਜ਼ਿਲਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ, ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਅਤੇ ਐਸ. ਐਸ. ਪੀ ਅਲਕਾ ਮੀਨਾ ਵੱਲੋਂ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਦੁਆਰਾ ਸੰਕਲਿਤ ‘ਗੁਰੂ ਤੇਗ ਬਹਾਦਰ ਸਾਹਿਬ ਦੀ ਰੂਹਾਨੀ ਯਾਤਰਾ’ ਸਿਰਲੇਖ ਵਾਲੀ ਕੌਫੀ ਟੇਬਲ ਬੁੱਕ ਰਿਲੀਜ਼ ਕੀਤੀ ਗਈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਸ ਕਿਤਾਬ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਨਮ ਤੋਂ ਸ਼ਹਾਦਤ ਤੱਕ ਦੀ ਪਵਿੱਤਰ ਯਾਤਰਾ ਨੂੰ ਬਾਖੂਬੀ ਪ੍ਰਕਾਸ਼ਮਾਨ ਕੀਤਾ ਗਿਆ ਹੈ। ਜ਼ਿਲੇ ਦੀਆਂ ਤਿੰਨੋਂ ਮਾਣਯੋਗ ਸ਼ਖਸੀਅਤਾਂ ਨੇ ਇਸ ਮੌਕੇ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਦੇ ਸੁਹਿਰਦ ਯਤਨਾਂ ਦੀ ਸ਼ਲਾਘਾ ਕੀਤੀ, ਜਿਨਾਂ ਵੱਲੋਂ ਇਸ ਪਵਿੱਤਰ ਕਾਰਜ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਕੀਤਾ ਕੀਤਾ ਹੈ। ਉਨਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਅਤੇ ਦਰਸ਼ਨ ਅਜੋਕੇ ਸਮਿਆਂ ਵਿਚ ਬੇਹੱਦ ਸਾਰਥਕ ਹਨ, ਜਿਨਾਂ ਨੇ ਸ਼ਾਂਤੀ ਅਤੇ ਸਰਵਵਿਆਪੀ ਭਾਈਚਾਰੇ ਦਾ ਸੰਦੇਸ਼ ਫੈਲਾਇਆ। ਉਨਾਂ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਉਨਾਂ ਦੀਆਂ ਜੜਾਂ ਨਾਲ ਜੋੜਨ ਦਾ ਕੰਮ ਕਰਨਗੀਆਂ ਅਤੇ ਆਪਣੇ ਮਹਾਨ ਵਿਰਸੇ ਤੋਂ ਜਾਣੂ ਕਰਵਾਉਣਗੀਆਂ। ਇਸ ਮੌਕੇ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਉਨਾਂ ਨੇ ਇਹ ਕੌਫੀ ਟੇਬਲ ਬੁੱਕ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨ ਯਾਤਰਾ ਅਤੇ ਉਨਾਂ ਦੀ ਚਰਨ ਛੋਹ ਪ੍ਰਾਪਤ ਗੁਰਧਾਮਾਂ ਨੂੰ ਪ੍ਰਕਾਸ਼ਮਾਨ ਕਰਨ ਦੇ ਉਦੇਸ਼ ਨਾਲ ਤਿਆਰ ਕੀਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ, ਐਸ. ਪੀ ਵਜ਼ੀਰ ਸਿੰਘ ਖਹਿਰਾ ਤੇ ਮਨਵਿੰਦਰ ਬੀਰ ਸਿੰਘ, ਡੀ. ਐਸ. ਪੀ ਸ਼ਵਿੰਦਰ ਪਾਲ ਸਿੰਘ, ਕਮਲਜੀਤ ਸਿੰਘ ਹੇਅਰ, ਡਾ. ਜਸਵਿੰਦਰ ਸਿੰਘ, ਹਰਕਰਨ ਖਹਿਰਾ, ਜਸਪਾਲ ਨਾਗਰਾ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।