ਹਰਿਆਣਾ

ਡੇਰਾ ਪ੍ਰੇਮੀ ਸੁਨਾਰੀਆ ਜੇਲ੍ਹ ‘ਚ ਬੰਦ ਰਾਮ ਰਹੀਮ ਨੂੰ ਭੇਜ ਰਹੇ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ

ਫ਼ੈਕ੍ਟ ਸਮਾਚਾਰ ਸੇਵਾ ਸਿਰਸਾ , ਅਗਸਤ 10

ਸਿਰਸਾ ਦੇ ਮੁੱਖ ਡਾਕਘਰ ‘ਚ ਸਵੇਰ ਤੋਂ ਸ਼ਾਮ ਤਕ ਭੀੜ ਜਮ੍ਹਾਂ ਰਹਿਣ ਲੱਗੀ ਹੈ। ਡਾਕਘਰ ‘ਚ ਸਭ ਤੋਂ ਵੱਧ ਜਬਰ ਜਨਾਹ ਦੇ ਦੋਸ਼ੀ ਰਾਮ ਰਹੀਮ ਦੇ ਜਨਮਦਿਨ ਨੂੰ ਲੈ ਕੇ ਡੇਰਾ ਪ੍ਰੇਮੀਆਂ ਦੀ ਭੀੜ ਨਜ਼ਰ ਆ ਰਹੀ ਹੈ। ਡੇਰਾ ਪੈਰੋਕਾਰ ਰੋਹਤਕ ਸਥਿਤ ਸੁਨਾਰੀਆ ਜੇਲ੍ਹ ‘ਚ ਬੰਦ ਡੇਰਾ ਮੁਖੀ ਗੁਰੀਮਤ ਸਿੰਘ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦੇਣ ਲਈ ਗ੍ਰੀਟਿੰਗ ਭੇਜ ਰਹੇ ਹਨ। ਇਸ ਦੇ ਨਾਲ ਹੀ 22 ਅਗਸਤ ਨੂੰ ਰੱਖੜੀ ਸਬੰਧੀ ਰੱਖੜੀਆਂ ਭੇਜੀਆਂ ਜਾ ਰਹੀਆਂ ਹਨ। ਡੇਰਾ ਪੈਰੋਕਾਰਾਂ ‘ਚ ਔਰਤਾਂ ਦੀ ਗਿਣਤੀ ਜ਼ਿਆਦਾ ਸੀ। ਡੇਰਾ ਮੁਖੀ ਦਾ ਜਨਮਦਿਨ 15 ਅਗਸਤ ‘ਤੇ ਪਹਿਲਾਂ ਡੇਰਾ ਸੱਚਾ ਸੌਦਾ ‘ਚ ਧੂਮਧਾਮ ਨਾਲ ਮਨਾਇਆ ਜਾਂਦਾ ਸੀ।

ਸੀਬੀਆਈ ਕੋਰਟ ਵੱਲੋਂ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਅਤੇ ਪੱਤਰਕਰ ਰਾਮ ਚੰਦਰ ਛਤਰਪਤੀ ਹੱਤਿਆ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਪਿਛਲੇ ਚਾਰ ਸਾਲਾਂ ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਬੰਦ ਹੈ। ਡੇਰਾ ਪੈਰੋਕਾਰ ਅਕਸਰ ਤਿਉਹਾਰਾਂ ‘ਤੇ ਗ੍ਰੀਟਿੰਗ ਭੇਜਦੇ ਹਨ। ਉੱਥੇ ਹੀ ਡੇਰਾ ਮੁਖੀ ਵੀ ਜੇਲ੍ਹ ਤੋਂ ਪੈਰੋਕਾਰਾਂ ਤੇ ਡੇਰਾ ਪ੍ਰਬੰਧਨ ਦੇ ਨਾਂ ਕਈ ਵਾਰ ਚਿੱਠੀ ਲਿਖ ਚੁੱਕੇ ਹਨ ਜਿਸ ਨੂੰ ਡੇਰਾ ਪ੍ਰਬੰਧਨ ਵੱਲੋਂ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਕੀਤਾ ਜਾਂਦਾ ਰਿਹਾ ਹੈ।

ਸਿਰਸਾ ਦੇ ਮੁੱਖ ਡਾਕਘਰ ‘ਚ ਸਵੇਰ ਤੋਂ ਹੀ ਡੇਰਾ ਸ਼ਰਧਾਲੂਆਂ ਦੀਆਂ ਲਾਈਨਾਂ ਲੱਗੀਆਂ ਦੇਖੀਆਂ ਗਈਆਂ। ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਭੇਜਣ ਲਈ ਲੋਕ ਰਜਿਸਟਰੀ ਕਰਵਾ ਰਹੇ ਹਨ। ਮੁੱਖ ਡਾਕਘਰ ‘ਚ ਡੇਰਾ ਸ਼ਰਧਾਲੂਆਂ ਦੀ ਭੀੜ ਨੂੰ ਦੇਖਦੇ ਹੋਏ ਡਾਕਘਰ ‘ਚ ਹੋਰ ਮੁਲਾਜ਼ਮਾਂ ਦੀ ਵੀ ਡਿਊਟੀ ਲਗਾਈ ਜਾ ਰਹੀ ਹੈ। ਇਸ ਦੇ ਨਾਲ ਹੀ ਦੋ ਕਾਊਂਟਰਾਂ ਤੋਂ ਰੋਹਤਕ ਸੁਨਾਰੀਆ ਜੇਲ੍ਹ ਲਈ ਰਜਿਸਟਰੀ ਕਰਵਾਈ ਜਾ ਰਹੀ ਹੈ।

ਮੁੱਖ ਡਾਕਘਰ ਦੇ ਪੋਸਟ ਮਾਸਟਰ ਨਵੀਨ ਕੁਮਾਰ ਨੇ ਕਿਹਾ ਕਿ ਰੱਖੜੀ ਦੇ ਤਿਉਹਾਰ ਸਬੰਧੀ ਡਾਕਘਰ ‘ਚ ਰਜਿਸਟਰੀਆਂ ਦੀ ਗਿਣਤੀ ਵਧੀ ਹੈ। ਇਸ ਦੇ ਨਾਲ ਹੀ ਵੱਡੀ ਗਿਣਤੀ ‘ਚ ਡੇਰਾ ਪੈਰੋਕਾਰ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਡੇਰਾ ਮੁਖੀ ਨੂੰ ਜਨਮਦਿਨ ਸਬੰਧੀ ਵਧਾਈ ਸੰਦੇਸ਼ ਵਾਲੇ ਗ੍ਰੀਟਿੰਗ ਰਜਿਸਟਰ ਕਰਵਾ ਰਹੇ ਹਨ। ਸ਼ਰਧਾਲੂਆਂ ਦੀ ਸਹੂਲਤ ਲਈ ਕਾਊਂਟਰ ਵਧਾ ਦਿੱਤੇ ਗਏ ਹਨ।