ਪੰਜਾਬ

ਮੋਹਾਲੀ ਡੀ.ਸੀ ਨੇ ਕੀਤੀ ਸਮੂਹ ਪ੍ਰਾਈਵੇਟ ਹਸਪਤਾਲਾਂ ਦੇ ਨੋਡਲ ਅਫ਼ਸਰਾਂ ਨਾਲ ਮੀਟਿੰਗ

ਫੈਕਟ ਸਮਾਚਾਰ ਸੇਵਾ
ਐਸ.ਏ.ਐਸ ਨਗਰ , ਜਨਵਰੀ 5

ਕੋਵਿਡ-19 ਕੇਸਾਂ ‘ਚ ਹੋਏ ਵਾਧੇ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਐਸ.ਏ.ਐਸ ਨਗਰ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਿਆ ਹੈ। ਇਨ੍ਹਾਂ ਕੇਸਾਂ ਦੇ ਵਾਧੇ ਨੂੰ ਰੋਕਣ ਅਤੇ ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ ਅੱਜ ਈਸ਼ਾ ਕਾਲੀਆ ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ ਦੀ ਪ੍ਰਧਾਨਗੀ ਹੇਠ ਜਿਲ੍ਹੇ ਦੇ ਸਮੂਹ ਵੱਡੇ ਪ੍ਰਾਈਵੇਟ ਹਸਪਤਾਲਾਂ ਲਈ ਨਿਯੁਕਤ ਕੀਤੇ ਗਏ ਨੋਡਲ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ । ਇਸ ਮੀਟਿੰਗ ਵਿੱਚ ਡਾ. ਹਿਮਾਂਸ਼ੂ ਅਗਰਵਾਲ ਏ.ਡੀ.ਸੀ (ਵਿਕਾਸ), ਦਮਨਜੀਤ ਸਿੰਘ ਮਾਨ, ਏ.ਸੀ.ਏ ਗਮਾਡਾ ਤੋਂ ਇਲਾਵਾ ਆਦਰਸ਼ਪਾਲ ਕੌਰ ਸਿਵਲ ਸਰਜਨ ਵੀ ਹਾਜ਼ਰ ਸਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਈਸ਼ਾ ਕਾਲੀਆ ਨੇ ਦੱਸਿਆ ਕਿ ਮੀਟਿੰਗ ਦਾ ਮਨੋਰਥ ਕੋਵਿਡ ਕੇਸਾਂ ਦੇ ਪੂਰੇ ਦੇਸ਼ ਵਿੱਚ ਅਤੇ ਖਾਸ ਕਰ ਜ਼ਿਲ੍ਹਾ ਐਸ.ਏ.ਐਸ ਨਗਰ ਵਿੱਚ ਹੋਏ ਅਚਾਨਕ ਵਾਧੇ ਦੇ ਮੱਦੇਨਜ਼ਰ ਹੰਗਾਮੀ ਹਾਲਤਾਂ ਨਾਲ ਨਿੱਜਠਣ ਲਈ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਕੋਵਿਡ ਕੇਸਾਂ ਨਾਲ ਨਿਜੱਠਣ ਲਈ ਕੀਤੇ ਗਏ ਪ੍ਰਬੰਧਾਂ ਦਾ ਜ਼ਾਇਜ਼ਾ ਲੈਣਾ ਸੀ। ਮੀਟਿੰਗ ਵਿੱਚ ਸਮੂਹ ਪ੍ਰਾਈਵੇਟ ਹਸਪਤਾਲਾਂ ਨੂੰ ਇਹ ਅਪੀਲ ਕੀਤੀ ਗਈ ਕਿ ਉਹ ਫੌਰੀ ਤੌਰ ਤੇ ਆਪਣੇ ਹਸਪਤਾਲਾਂ ਵਿੱਚ ਕੁੱਲ ਬੈੱਡਾਂ ਵਿਚੋਂ 15 ਫ਼ੀਸਦੀ ਬੈੱਡ ਸੰਭਾਵੀ ਕੋਵਿਡ ਮਰੀਜ਼ਾਂ ਦੇ ਦਾਖਲੇ ਲਈ ਰਾਖਵੇਂ ਰੱਖ ਲੈਣ। ਉਨ੍ਹਾਂ ਕਿਹਾ ਕਿ ਭਾਵੇਂ ਮੌਜੂਦਾ ਸਮੇਂ ਕੋਵਿਡ ਦਾ ਇਹ ਨਵਾਂ ਵੇਰੀਐਂਟ ਜ਼ਾਹਰ ਤੌਰ ਤੇ ਉਨ੍ਹਾਂ ਖ਼ਤਰਨਾਕ ਨਹੀਂ ਜਾਪਦਾ ਪਰ ਸਾਡੀਆਂ ਤਿਆਰੀਆਂ ਮੁਕੰਮਲ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਐਲ 3 ਸੁਵਿਧਾ ਵਾਲੇ ਹਸਪਤਾਲਾਂ ਨੂੰ ਵੀ ਬੈੱਡਾਂ ਦੀ ਗਿਣਤੀ ਵਧਾਉਣ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਹਸਪਤਾਲਾਂ ਵਿਚ ਹੰਗਾਮੀ ਹਾਲਤਾਂ ਦਾ ਬਿਹਤਰ ਢੰਗ ਨਾਲ ਮੁਕਾਬਲਾ ਕਰਨ ਲਈ ਆਪਣੇ ਆਪਣੇ ਹਸਪਤਾਲਾਂ ਵਿੱਚ ਦਵਾਈਆਂ ਦਾ ਸਟਾਕ ਪੂਰਾ ਰੱਖਣ ਲਈ ਕਿਹਾ ਅਤੇ ਨਾਲ ਹੀ ਆਕਸੀਜਨ ਦੀ ਉਪਬੱਧਤਾ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ।

ਡਿਪਟੀ ਕਮਿਸ਼ਨਰ ਵੱਲੋਂ ਸਮੂਹ ਹਸਪਤਾਲਾਂ ਲਈ ਇਹ ਨਿਰਦੇਸ਼ ਵੀ ਜਾਰੀ ਕੀਤੇ ਗਏ ਕਿ ਉਨ੍ਹਾਂ ਦੇ ਹਸਪਤਾਲਾਂ ਵਿਖੇ ਆਉਣ ਵਾਲੇ ਕਿਸੇ ਵੀ ਕੋਵਿਡ ਮਰੀਜ਼ ਦੀ ਲੋੜੀਂਦੀ ਜਾਣਕਾਰੀ ਕੋਵਾ ਐਪ ਤੇ ਜ਼ਰੂਰ ਅਪਲੋਡ ਕੀਤੀ ਜਾਵੇ ਤਾਂ ਜੋ ਪ੍ਰਸ਼ਾਸਨ ਨੂੰ ਸਥਿਤੀ ਦੀ ਸਹੀ ਜਾਣਕਾਰੀ ਮਿਲਦੀ ਰਹੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੋਵਿਡ ਦੇ ਮਰੀਜ਼ਾਂ ਤੋਂ ਫੀਸ ਦੀ ਵਸੂਲੀ ਸਬੰਧੀ ਦਿਸ਼ਾ ਨਿਰਦੇਸ਼ ਪਹਿਲਾਂ ਤੋਂ ਹੀ ਜਾਰੀ ਕੀਤੇ ਗਏ ਜੋ ਹੁਣ ਵੀ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਕੋਵਿਡ ਦੇ ਮਰੀਜ਼ ਤੋਂ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਕੇ ਵੱਧ ਫੀਸ ਚਾਰਜ ਨਾ ਕੀਤੇ ਜਾਣ ਜਿਸ ਦਾ ਪਤਾ ਲੱਗਣ ਤੇ ਸਬੰਧਿਤ ਹਸਪਤਾਲ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਆਮ ਜਨਤਾ ਨੂੰ ਇਹ ਅਪੀਲ ਵੀ ਕੀਤੀ ਕਿ ਕਿਸੇ ਵੀ ਤਰਾਂ ਦੀ ਅਫ਼ਵਾਹ ਤੇ ਵਿਸ਼ਵਾਸ ਨਾ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਲੋਕ ਨੂੰ ਕਿਸੇ ਤੇ ਤਰ੍ਹਾਂ ਦੇ ਡਰ ਜਾਂ ਭੈਅ ਦੀ ਲੋੜ ਨਹੀਂ ਕਿਉਂਕਿ ਪ੍ਰਸ਼ਾਸਨ ਦੀਆਂ ਕੋਵਿਡ ਨਾਲ ਨਜਿੱਠਣ ਦੀਆਂ ਤਿਆਰੀਆਂ ਮੁਕੰਮਲ ਹਨ।

Facebook Page: https://www.facebook.com/factnewsnet

See videos: https://www.youtube.com/c/TheFACTNews/videos