ਨੈਸਲੇ ਫੈਕਟਰੀ ਦੇ ਰਿਹਾਇਸ਼ੀ ਕੰਪਾਊਂਡ ਵਿੱਚ 3100 ਪੌਦੇ ਲਗਾਉਣ ਦੀ ਸ਼ੁਰੂਆਤ

ਫ਼ੈਕ੍ਟ ਸਮਾਚਾਰ ਸੇਵਾ ਮੋਗਾ, ਅਗਸਤ 10

ਜ਼ਿਲ੍ਹਾ ਮੋਗਾ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਬਲ ਦਿੰਦਿਆਂ ਕੇਂਦਰੀ ਨੀਤੀ ਆਯੋਗ ਤਹਿਤ 100 ਕਰੋੜ ਪੌਦੇ ਲਗਾਉਣ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਗਿਆ ਹੈ। ਕੇਂਦਰੀ ਨੀਤੀ ਆਯੋਗ ਵੱਲੋਂ ਬੀਤੇ ਦਿਨੀਂ ਲੰਘੇ ਵਿਸ਼ਵ ਵਾਤਾਵਰਨ ਦਿਵਸ ਦਾ ਜ਼ਿਲ੍ਹਾ ਮੋਗਾ ਨੂੰ ਇਹ ਵੱਡਾ ਤੋਹਫ਼ਾ ਹੈ। ਇਹ 100 ਕਰੋੜ ਪੌਦੇ ਦੇਸ਼ ਦੇ 112 ਉਤਸ਼ਾਹੀ ਜ਼ਿਲ੍ਹਿਆਂ ਵਿੱਚ ਵੰਡ ਕੇ ਲਗਾਏ ਜਾਣਗੇ।

ਇਸੇ ਲੜੀ ਤਹਿਤ ਅੱਜ ਮੋਗਾ ਦੀ ਨੈਸਲੇ ਡੇਅਰੀ ਦੇ ਰਿਹਾਇਸ਼ੀ ਕੰਪਾਊਂਡ ਦੁਨੇਕੇ ਵਿਖੇ 3100 ਪੌਦੇ ਲਗਾਉਣ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਨੇ ਕੀਤੀ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਮੋਗਾ ਹਰਚਰਨ ਸਿੰਘ, ਉਪ ਮੰਡਲ ਮੈਜਿਸਟ੍ਰੇਟ ਮੋਗਾ ਸਤਵੰਤ ਸਿੰਘ, ਡਾਇਰੈਕਟਰ ਟੈਕਨੀਕਲ ਐਂਡ ਹੈੱਡ ਨੈਸਲੇ ਫੈਕਟਰੀ ਮੋਗਾ ਸਟੇਨਲੀ ਓਮਨ, ਕਾਰਪੋਰੇਟ ਮਾਮਲੇ ਤੋਂ ਹਰਵਿੰਦਰ ਸਿੰਘ, ਜ਼ਸਪਾਲ ਸਿੰਘ ਸਿੱਧੂ, ਕਨਸਰਜਵੇਟਿਵ ਸੰਜੇ ਬਾਂਸਲ, ਵਣ ਰੇਂਜ ਅਫ਼ਸਰ ਮੋਗਾ ਗੁਰਪਾਲ ਸਿੰਘ, ਅੰਮ੍ਰਿਤਪਾਲ ਸਿੰਘ ਬਰਾੜ ਡੀ.ਐਫ.ਓ. ਫਿਰੋਜ਼ਪੁਰ, ਸੰਜੇ ਬਾਂਸਲ, ਐਸ.ਕੇ. ਬਾਂਸਲ, ਬਾਬਾ ਗੁਰਮੀਤ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੀਤੀ ਆਯੋਗ ਉਤਸ਼ਾਹੀ ਜਿਲ੍ਹਿਆਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਵੱਖ ਵੱਖ ਖੇਤਰਾਂ ਵਿੱਚ ਕੰਮ ਕਰ ਰਹੀਆਂ ਗੈਰ ਸਰਕਾਰੀ ਸੰਸਥਾਵਾਂ ਦਾ ਸਹਿਯੋਗ ਲੈ ਰਿਹਾ ਹੈ। ਇਸੇ ਕਰਕੇ ਹੀ ਵਰਲਡ ਇਕਨੋਮਿਕ ਫੋਰਮ ਦੇ ਉਪਰਾਲੇ ਵਜੋਂ ਭਾਰਤ ਵਿੱਚ ਲਗਾਏ ਜਾਣ ਵਾਲੇ ਇਨ੍ਹਾਂ 100 ਕਰੋੜ ਪੌਦਿਆਂ ਦੇ ਟੀਚੇ ਨੂੰ ਪੂਰਾ ਕਰਨ ਲਈ ਨੀਤੀ ਆਯੋਗ ਨੇ ਨਵੀਂ ਮੁੰਬਈ ਹੱਬ ਆਫ਼ ਗਲੋਬਲ ਸ਼ੇਪਰਜ ਕਮਿਊਨਿਟੀ ਨਾਲ ਸਮਝੌਤਾ ਕੀਤਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ 3100 ਪੌਦਿਆਂ ਵਿੱਚ ਫੁੱਲ, ਫ਼ਲਦਾਰ ਅਤੇ ਛਾਂਦਾਰ ਸਭ ਕਿਸਮਾਂ ਦੇ ਪੌਦੇ ਸ਼ਾਮਿਲ ਹਨ। ਆਪਣੇ ਸੰਬੋਧਨ ਵਿੱਚ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰੁੱਖ ਸਾਡੀ ਜਿੰਦਗੀ ਦੀਆਂ ਦੋ ਮਹੱਤਵਪੂਰਨ ਲੋੜਾਂ ਪਾਣੀ ਅਤੇ ਆਕਸੀਜਨ ਨੂੰ ਪੂਰਾ ਕਰਦੇ ਹਨ, ਸਾਨੂੰ ਇਨ੍ਹਾਂ ਦੀ ਦੇਖਭਾਲ ਅਤੇ ਸਾਂਭ ਸੰਭਾਲ ਲਈ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਇਕੱਲੀ ਪੰਜਾਬ ਸਰਕਾਰ, ਭਾਰਤ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸ਼ਨ ਹੀ ਨਹੀਂ ਸਗੋਂ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਸਾਂਭ ਸੰਭਾਲ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਨੈਸਲੇ ਫੈਕਟਰੀ ਮੋਗਾ ਦੇ ਨੁਮਾਇੰਦਿਆਂ ਦਾ ਧੰਨਵਾਦ ਵੀ ਕੀਤਾ ਕਿ ਉਨ੍ਹਾਂ ਨੇ ਇਸ ਚੰਗੇ ਕਾਰਜ ਲਈ ਅੱਗੇ ਆ ਕੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ।

 

More from this section