ਪੰਜਾਬ

ਡਿਪਟੀ ਕਮਿਸ਼ਨਰ ਵੱਲੋਂ ਪਰਾਲੀ ਨਾ ਸਾੜਨ ਵਾਲੀਆਂ ਪੰਚਾਇਤਾਂ ਅਤੇ ਕਿਸਾਨਾਂ ਲਈ ਨਕਦ ਇਨਾਮਾਂ ਦਾ ਐਲਾਨ

ਫੈਕਟ ਸਮਾਚਾਰ ਸੇਵਾ ਨਕੋਦਰ , ਅਕਤੂਬਰ 6

ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਪ੍ਰਸ਼ਾਸਨ ਦੁਆਰਾ ਕੀਤੇ ਜਾ ਰਹੇ ਯਤਨਾਂ ਵਿੱਚ ਤੇਜ਼ੀ ਲਿਆਉਂਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਬਲਾਕ ਪੱਧਰ ‘ਤੇ ਪਰਾਲੀ ਪ੍ਰਬੰਧਨ ਦੇ ਤਰੀਕਿਆਂ ਦੀ ਵਰਤੋਂ ਕਰਨ ਵਾਲੀਆਂ ਪੰਚਾਇਤਾਂ, ਕਸਟਮ ਹਾਇਰਿੰਗ ਸੈਂਟਰਾਂ ਅਤੇ ਵਿਅਕਤੀਗਤ ਕਿਸਾਨਾਂ ਲਈ ਨਕਦ ਇਨਾਮਾਂ ਦਾ ਐਲਾਨ ਕੀਤਾ ਗਿਆ।

ਨਕੋਦਰ ਦੇ ਬੀੜ ਪਿੰਡ ਵਿਖੇ ਕਿਸਾਨਾਂ ਨਾਲ ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਸਾੜਨ ਦੇ ਰੁਝਾਨ ਦਾ ਸਹਾਰਾ ਨਾ ਲੈਣ ‘ਤੇ ਪ੍ਰਸ਼ਾਸਨ ਵੱਲੋਂ ਪ੍ਰਤੀ ਵਿਕਾਸ ਬਲਾਕ ਪੰਚਾਇਤਾਂ ਨੂੰ 50,000 ਰੁਪਏ, ਕਸਟਮ ਹਾਇਰਿੰਗ ਸੈਂਟਰਾਂ ਨੂੰ 20,000 ਰੁਪਏ ਅਤੇ ਵਿਅਕਤੀਗਤ ਕਿਸਾਨਾਂ ਨੂੰ 11,000 ਰੁਪਏ ਦੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ।

 

ਡਿਪਟੀ ਕਮਿਸ਼ਨਰ ਵੱਲੋਂ ਬੀੜ ਪਿੰਡ ਵਿੱਚ ਗ੍ਰੀਨ ਪਲੈਨੈੱਟ ਐਨਰਜੀ ਦੇ ਬਿਜਲੀ ਉਤਪਾਦਨ ਪਲਾਂਟ ਦਾ ਦੌਰਾ ਵੀ ਕੀਤਾ ਗਿਆ, ਜਿੱਥੇ ਪਰਾਲੀ ਦੀ ਵਰਤੋਂ ਕਰ ਕੇ ਬਿਜਲੀ ਪੈਦਾ ਕੀਤੀ ਜਾਂਦੀ ਹੈ। ਮੈਨੇਜਮੈਂਟ ਨੇ ਡਿਪਟੀ ਕਮਿਸ਼ਨਰ ਨੂੰ ਜਾਣੂੰ ਕਰਵਾਇਆ ਕਿ ਉਨ੍ਹਾਂ ਨੂੰ ਪਲਾਂਟ ਲਈ ਪ੍ਰਤੀ ਸਾਲ 75,000 ਟਨ ਪਰਾਲੀ ਦੀ ਜ਼ਰੂਰਤ ਹੈ ਅਤੇ ਇਹ ਪਲਾਂਟ 30,000 ਏਕੜ ਰਕਬੇ ਦਾ ਐਕਸ-ਸੀਟੂ ਤਕਨੀਕਾਂ ਰਾਹੀਂ ਪ੍ਰਬੰਧਨ ਕਰ ਸਕਦਾ ਹੈ।

ਇਸ ਸਮਾਗਮ ਵਿੱਚ ਲਗਭਗ 80 ਅਗਾਂਹਵਧੂ ਕਿਸਾਨਾਂ ਨੇ ਹਿੱਸਾ ਲਿਆ, ਜਿੱਥੇ ਘਨਸ਼ਿਆਮ ਥੋਰੀ ਨੇ ਉਨ੍ਹਾਂ ਨੂੰ ਫਸਲਾਂ ਦੀ ਰਹਿੰਦ -ਖੂੰਹਦ ਦਾ ਪ੍ਰਭਾਵੀ ਢੰਗ ਨਾਲ ਪ੍ਰਬੰਧਨ ਕਰਨ ਦੀ ਅਪੀਲ ਕੀਤੀ ਤਾਂ ਜੋ ਜਲੰਧਰ ਜ਼ਿਲ੍ਹੇ ਵਿੱਚ ਜ਼ੀਰੋ ਬਰਨਿੰਗ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ। ਸਮਾਰੋਹ ਦੌਰਾਨ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਮਾਹਿਰਾਂ ਵੱਲੋਂ ਬੇਲਰ ਮਸ਼ੀਨ ਦਾ ਪ੍ਰਦਰਸ਼ਨ ਵੀ ਕੀਤਾ ਗਿਆ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਕਾਰਨ ਮਿੱਟੀ ਦੇ ਕਈ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ ਜਦਕਿ ਜੇਕਰ ਫਸਲ ਦੀ ਰਹਿੰਦ-ਖੂਹੰਦ ਨੂੰ ਮਿੱਟੀ ਵਿੱਚ ਮਿਲਾ ਦਿੱਤੀ ਜਾਵੇ ਤਾਂ ਮਿੱਟੀ ਦੀ ਸਿਹਤ ਵਿੱਚ ਭਾਰੀ ਸੁਧਾਰ ਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਕਾਰਨ ਪੈਦਾ ਹੋਣ ਵਾਲਾ ਧੂੰਆਂ ਲੋਕਾਂ ਖਾਸ ਕਰਕੇ ਦਮੇ ਦੇ ਮਰੀਜ਼ਾਂ ਦੀ ਸਿਹਤ ਨੂੰ ਹੋਰ ਖ਼ਰਾਬ ਕਰਦਾ ਹੈ।

ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰ ਸਿੰਘ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਪਰਾਲੀ ਸਾੜਨ ਦੀ ਸਮੱਸਿਆ ਨੂੰ ਖਤਮ ਕਰਨ ਲਈ ਵਿਸ਼ੇਸ਼ ਜਾਗਰੂਕਤਾ ਕੈਂਪਾਂ, ਮੋਬਾਈਲ ਵੈਨਾਂ ਰਾਹੀਂ ਮੁਹਿੰਮ, ਵਾਲ ਪੇਂਟਿੰਗ, ਖੇਤ ਪ੍ਰਦਰਸ਼ਨੀਆਂ ਅਤੇ ਸਕੂਲਾਂ ਰਾਹੀਂ ਕਿਸਾਨਾਂ ਨੂੰ ਜਾਗਰੂਕ ਕਰਨ ਸਮੇਤ ਕਈ ਉਪਰਾਲੇ ਕੀਤੇ ਜਾ ਰਹੇ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਨਕੋਦਰ ਪੂਨਮ ਸਿੰਘ, ਤਹਿਸੀਲਦਾਰ ਪ੍ਰਦੀਪ ਕੁਮਾਰ, ਖੇਤੀਬਾੜੀ ਅਫ਼ਸਰ ਡਾ. ਨਰੇਸ਼ ਗੁਲਾਟੀ, ਬਲਾਕ ਇੰਚਾਰਜ ਡਾ. ਜਸਵੰਤ ਰਾਏ ਅਤੇ ਖੇਤੀਬਾੜੀ ਅਫ਼ਸਰ ਨਵਦੀਪ ਸਿੰਘ ਸ਼ਾਮਲ ਸਨ।