ਦੇਸ਼-ਦੁਨੀਆ

ਦਿੱਲੀ ਜਹਾਂਗੀਰਪੁਰੀ ਹਿੰਸਾ : ਅਦਾਲਤ ਨੇ 14 ਮੁਲਜ਼ਮਾਂ ਨੂੰ ਹਿਰਾਸਤ ਵਿੱਚ ਭੇਜਿਆ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਅਪ੍ਰੈਲ 17

ਦਿੱਲੀ ਪੁਲਿਸ ਨੇ ਐਤਵਾਰ ਨੂੰ ਇਲਾਕੇ ਵਿੱਚ ਤਣਾਅ ਨੂੰ ਘੱਟ ਕਰਨ ਲਈ ਅਮਨ (ਸ਼ਾਂਤੀ) ਕਮੇਟੀਆਂ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੋਂ ਬਚਣ ਲਈ ਕਿਹਾ ਅਤੇ ਆਪਣੇ ਇਲਾਕੇ ਦੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।

ਮੁਲਜ਼ਮ ਅਸਲਮ ਅਤੇ ਅੰਸਾਰ ਨੂੰ ਪੁਲੀਸ ਹਿਰਾਸਤ ਵਿੱਚ ਭੇਜਿਆ

ਅਦਾਲਤ ਨੇ ਮੁਲਜ਼ਮ ਮੁਹੰਮਦ ਅਸਲਮ ਅਤੇ ਸਹਿ ਮੁਲਜ਼ਮ ਮੁਹੰਮਦ ਅੰਸਾਰ ਨੂੰ ਸੋਮਵਾਰ ਤੱਕ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਜਦਕਿ ਬਾਕੀ 12 ਦੋਸ਼ੀਆਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਪੁਲੀਸ ਨੇ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਦਿਆਂ ਕਿਹਾ ਕਿ ਅੰਸਾਰ ਅਤੇ ਅਸਲਮ ਮੁੱਖ ਸਾਜ਼ਿਸ਼ਕਰਤਾ ਹਨ।

ਦਿੱਲੀ ਪੁਲਿਸ ਨੇ ਰੋਹਿਣੀ ਅਦਾਲਤ ਵਿੱਚ ਦੱਸਿਆ ਕਿ ਮੁੱਖ ਮੁਲਜ਼ਮ ਅੰਸਾਰ ਅਤੇ ਅਸਲਮ ਨੂੰ 15 ਅਪ੍ਰੈਲ ਨੂੰ ਜਲੂਸ ਕੱਢਣ ਬਾਰੇ ਪਤਾ ਲੱਗਾ, ਜਿਸ ਤੋਂ ਬਾਅਦ ਉਨ੍ਹਾਂ ਨੇ ਹਿੰਸਾ ਦੀ ਸਾਜ਼ਿਸ਼ ਰਚੀ। ਦਿੱਲੀ ਪੁਲਿਸ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਦੀ ਪਛਾਣ ਕਰਨ ਲਈ ਸਾਨੂੰ ਸੀਸੀਟੀਵੀ ਫੁਟੇਜ ਦੇਖਣੀ ਪਵੇਗੀ।

ਛੇ ਹੋਰ ਮੁਲਜ਼ਮ ਗ੍ਰਿਫ਼ਤਾਰ, ਤਿੰਨ ਪਿਸਤੌਲ ਤੇ ਪੰਜ ਤਲਵਾਰਾਂ ਬਰਾਮਦ

ਦਿੱਲੀ ਪੁਲੀਸ ਨੇ ਕਿਹਾ ਕਿ ਹਿੰਸਾ ਮਾਮਲੇ ਵਿੱਚ ਛੇ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣ ਤੱਕ ਕੁੱਲ 20 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜਿਨ੍ਹਾਂ ਵਿੱਚੋਂ ਦੋ ਨਾਬਾਲਗ ਹਨ। 14 ਮੁਲਜ਼ਮਾਂ ਨੂੰ ਐਤਵਾਰ ਨੂੰ ਰੋਹਿਣੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਤਿੰਨ ਪਿਸਤੌਲ ਅਤੇ ਪੰਜ ਤਲਵਾਰਾਂ ਬਰਾਮਦ ਹੋਈਆਂ ਹਨ।