ਪੰਜਾਬ

ਪੰਜਾਬ ‘ਚ ਹਰੇਕ ਨੂੰ ਮਿਲੇਗਾ ਵਧੀਆ ਅਤੇ ਮੁਫ਼ਤ ਇਲਾਜ : ਅਰਵਿੰਦ ਕੇਜਰੀਵਾਲ

ਫ਼ੈਕ੍ਟ ਸਮਾਚਾਰ ਸੇਵਾ ਲੁਧਿਆਣਾ, ਸਤੰਬਰ 30

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ‘ਚ ‘ਆਪ’ ਦੀ ਸਰਕਾਰ ਬਣਨ ‘ਤੇ ਸਿਹਤ ਸੇਵਾਵਾਂ ਬਾਰੇ ਛੇ ਵੱਡੀਆਂ ਸਹੂਲਤਾਂ ਵਾਲੀ ਦੂਜੀ ਗਰੰਟੀ ਦਾ ਐਲਾਨ ਕੀਤਾ ਹੈ। ਮੁਫ਼ਤ ਬਿਜਲੀ ਬਾਰੇ ਪਹਿਲੀ ਗਰੰਟੀ ਦਾ ਐਲਾਨ ਕੇਜਰੀਵਾਲ ਨੇ ਪਿਛਲੇ ਦੌਰੇ ਦੌਰਾਨ ਕੀਤਾ ਸੀ। ਆਪਣੇ ਦੋ ਰੋਜ਼ਾ ਪੰਜਾਬ ਦੌਰੇ ਦੌਰਾਨ ਕੇਜਰੀਵਾਲ ਨੇ ਵੀਰਵਾਰ ਨੂੰ ਲੁਧਿਆਣਾ ‘ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਅਤੇ ਦੂਜੀ ਗਰੰਟੀ ਬਾਰੇ ਦੱਸਿਆ। ਇਸ ਮੌਕੇ ਉਨਾਂ ਨਾਲ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਸਹਿ- ਇੰਚਾਰਜ ਰਾਘਵ ਚੱਢਾ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਕੁੰਵਰ ਵਿਜੈ ਪ੍ਰਤਾਪ ਸਿੰਘ ਮੰਚ ‘ਤੇ ਮੌਜ਼ੂਦ ਸਨ। ਪੰਜਾਬ ਵਾਸੀਆਂ ਨੂੰ ਦਿੱਤੀ ਦੂਜੀ ਗਰੰਟੀ ਬਾਰੇ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ‘ਆਪ’ ਦੀ ਸਰਕਾਰ ਬਣਨ ‘ਤੇ ਸੂਬੇ ਦੇ ਹਰੇਕ ਵਸਨੀਕ ਨੂੰ ਮੁਫ਼ਤ ਅਤੇ ਵਧੀਆ ਇਲਾਜ ਮੁਹਈਆ ਕਰਾਇਆ ਜਾਵੇਗਾ। ਮੁਫ਼ਤ ਚੀਜ਼ਾਂ ਦੇਣ ਬਾਰੇ ਕਈ ਤਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕੇਜਰੀਵਾਲ ਨੇ ਕਿਹਾ ਕਿ ਕੁਦਰਤ ਨੇ ਸਾਨੂੰ ਸਭ ਨੂੰ ਹਵਾ, ਪਾਣੀ, ਧੁੱਪ ਅਤੇ ਹੋਰ ਨਿਆਮਤਾਂ ਮੁਫ਼ਤ ਵਿੱਚ ਦਿੱਤੀਆਂ ਹਨ। ਇਸ ਲਈ ‘ਆਪ’ ਦੀ ਸਰਕਾਰ ਵੀ ਪੰਜਾਬ ਵਾਸੀਆਂ ਨੂੰ ਚੰਗੀਆਂ ਅਤੇ ਮੁਫ਼ਤ ਸਹੂਲਤਾਂ ਜ਼ਰੂਰ ਮਿਲਣੀਆਂ ਚਾਹੀਦੀਆਂ ਹਨ।

ਦੂਜੀ ਮਹੱਤਵਪੂਰਨ ਸਹੂਲਤ ਦਾ ਵੇਰਵਾ ਦਿੰਦਿਆਂ ਕੇਜਰੀਵਾਲ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਸਾਰੀਆਂ ਦਵਾਈਆਂ, ਟੈਸਟ ਅਤੇ ਅਪ੍ਰੇਸ਼ਨ ਵੀ ਮੁਫ਼ਤ ਕੀਤੇ ਜਾਣਗੇ। ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚਲੀ ਦਵਾਈਆਂ ਦੀ ਖ਼ਿੜਕੀ ਖੋਲੀ ਜਾਵੇਗੀ ਅਤੇ ਠੱਪ ਪਈ ਮੈਡੀਕਲ ਮਸ਼ੀਨਰੀ ਚਾਲੂ ਕੀਤੀ ਜਾਵੇਗੀ। ਉਨਾਂ ਕਿਹਾ ਕਿ ਕਿਸੇ ਵੀ ਮਰੀਜ ਦਾ 10 ਤੋਂ 20 ਲੱਖ ਦਾ ਅਪ੍ਰੇਸ਼ਨ ਬਿਲਕੁੱਲ ਮੁਫ਼ਤ ਕੀਤਾ ਜਾਵੇਗਾ। ਜਿਹੜੇ ਪੰਜਾਬ ਦੇ ਮਰੀਜ਼ ਅਪ੍ਰੇਸ਼ਨ ਕਰਾਉਣ ਲਈ ਦਿੱਲੀ ਜਾਂਦੇ ਹਨ, ਉਨਾਂ ਨੂੰ ਦਿੱਲੀ ਜਾਣ ਦੀ ਚਿੰਤਾ ਤੋਂ ਮੁਕਤ ਕੀਤਾ ਜਾਵੇਗਾ। ਕੇਜਰੀਵਾਲ ਨੇ ‘ਆਪ’ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਅਤੇ ਮਰੀਜ਼ ਦੇ ਇਲਾਜ ਨੂੰ ਸੌਖਾ ਬਣਾਉਣ ਲਈ ‘ਡਿਜ਼ੀਟਲ ਹੈਲਥ ਕਾਰਡ’ ਦੇਣ ਦਾ ਵਾਅਦਾ ਵੀ ਕੀਤਾ, ਜਿਸ ਵਿੱਚ ਮਰੀਜ਼ ਬਾਰੇ ਪੂਰੀ ਜਾਣਕਾਰੀ, ਟੈਸਟ ਰਿਪੋਰਟਾਂ ਅਤੇ ਐਕਸਰੇ ਤੇ ਰਿਪੋਰਟਾਂ ਦਾ ਕੰਪਿਊਟਰੀਕ੍ਰਿਤ ਵੇਰਵਾ ਦਰਜ ਹੋਵੇਗਾ। ਉਨਾਂ ਕਿਹਾ ਕਿ ਇਲਾਜ਼ ਲਈ ਵੱਡੇ ਤੇ ਨਵੇਂ ਸਰਕਾਰੀ ਹਸਪਤਾਲ ਖੋਲਣ ਦੇ ਨਾਲ ਨਾਲ ਪੁਰਾਣੇ ਹਸਪਤਾਲਾਂ ਨੂੰ ਵੀ ਠੀਕ ਕੀਤਾ ਜਾਵੇਗਾ, ਜੋ ਏਅਰ ਕੰਡੀਸ਼ਨਰ ਪ੍ਰਾਈਵੇਟ ਹਸਪਤਾਲਾਂ ਨੂੰ ਮਾਤ ਦੇਣਗੇ ਅਤੇ ਵੱਡੇ ਪੱਧਰ ‘ਤੇ ਰੁਜ਼ਗਾਰ ਤੇ ਨੌਕਰੀਆਂ ਮਿਲਣਗੀਆਂ।

ਇਸ ਦੇ ਨਾਲ ਹੀ ਦਿੱਲੀ ਦੇ ਮੁਹੱਲਾ ਕਲੀਨਿਕ ਦੀ ਤਰਜ਼ ‘ਤੇ ਪੰਜਾਬ ਪਿੰਡਾਂ ਅਤੇ ਸ਼ਹਿਰਾਂ ਦੇ ਵਾਰਡਾਂ ਵਿੱਚ 16 ਹਜ਼ਾਰ ਮੁਹੱਲਾ ਕਲੀਨਿਕ ਖੋਲੇ ਜਾਣਗੇ ਅਤੇ ਇਨਾਂ ਮੁਹੱਲਾ ਕਲੀਨਿਕਾਂ ਵਿੱਚ ਆਮ ਬਿਮਾਰੀਆਂ ਦਾ ਇਲਾਜ਼ ਹੋਵੇਗਾ। ਸੜਕ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੇ ਮੁਫ਼ਤ ਇਲਾਜ਼ ਦਾ ਜ਼ਿਕਰ ਕਰਦਿਆਂ ਉਨਾਂ ਕਿਹਾ ਕਿ ਦਿੱਲੀ ਸਰਕਾਰ ਦੀ ਤਰਜ਼ ‘ਤੇ ਪੰਜਾਬ ਦੇ ਨੇੜਲੇ ਪ੍ਰਾਈਵੇਟ ਜਾਂ ਸਰਕਾਰੀ ਹਸਪਤਾਲਾਂ ਵਿੱਚ ਵੀ ਜ਼ਖ਼ਮੀਆਂ ਦੇ ਇਲਾਜ਼ ਦਾ ਸਾਰਾ ਖ਼ਰਚਾ ਸਰਕਾਰ ਚੁਕੇਗੀ।

ਸਿਹਤ ਸਹੂਲਤਾਂ ਦੇ ਪ੍ਰਬੰਧ ਸੰਬੰਧੀ ਸਵਾਲ ਦਾ ਜਵਾਬ ਦਿੰਦਿਆਂ ਕੇਜਰੀਵਾਲ ਨੇ ਕਿਹਾ ਕਿ ਜੇ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇ ਤਾਂ ਲੋਕਾਂ ਲਈ ਸਹੂਲਤਾਂ ਦਾ ਪ੍ਰਬੰਧ ਹੋ ਜਾਂਦਾ ਹੈ, ਕਿਉਂਕਿ ਲੋਕਾਂ ਦਿੱਤੀਆਂ ਜਾਣ ਵਾਲੀਆਂ ਮੁਫ਼ਤ ਸਹੂਲਤਾਂ ‘ਤੇ ਜ਼ਿਆਦਾ ਖ਼ਰਚ ਨਹੀਂ ਆਉਂਦਾ। ਚਰਨਜੀਤ ਸਿੰਘ ਚੰਨੀ ਵੱਲੋਂ ਆਮ ਆਦਮੀ ਵਜੋਂ ਦਿਖਾਵਾ ਕਰਨ ਬਾਰੇ ਸਵਾਲ ‘ਤੇ ਜਵਾਬ ‘ਚ ਕੇਜਰੀਵਾਲ ਨੇ ਕਿਹਾ, ”ਕੇਜਰੀਵਾਲ ਦੀ ਨਕਲ ਕਰਨਾ ਅਸਾਨ ਹੈ, ਪਰ ਅਮਲ ਕਰਨਾ ਬੇਹੱਦ ਮੁਸ਼ਕਲ ਹੈ। ਇਸ ਲਈ ਵੱਡਾ ਹੌਂਸਲਾ ਅਤੇ ਈਮਾਨਦਾਰੀ ਚਾਹੀਦੀ ਹੈ।

ਕੇਜਰੀਵਾਲ ਨੇ ਪੰਜਾਬ ਦੀ ਰਾਜਨੀਤਿਕ ਸਥਿਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕਾਂ ਨੇ ਸਾਢੇ ਚਾਰ ਸਾਲ ਪਹਿਲਾਂ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਸੀ, ਪਰ ਅੱਜ ਇੱਥੇ ਸਰਕਾਰ ਨਾਂਅ ਦਾ ਕੁੱਝ ਦਿਖਾਈ ਨਹੀਂ ਦਿੰਦਾ। ਸਰਕਾਰ ਦਾ ਤਮਾਸ਼ਾ ਬਣਿਆ ਹੋਇਆ ਹੈ। ਸੱਤਾ ਦੀ ਗੰਦੀ ਲੜਾਈ ਚੱਲ ਰਹੀ ਹੈ। ਇਸ ਲਈ ਲੋਕ ਆਪਣੀਆਂ ਸਮੱਸਿਆਵਾਂ ਹੱਲ ਕਰਾਉਣ ਲਈ ਕਿੱਥੇ ਜਾਣ?” ਉਨਾਂ ਕਿਹਾ ਕਿ ਹੁਣ ਪੰਜਾਬ ਦੇ ਲੋਕਾਂ ਕੋਲ ਕੇਵਲ ਆਮ ਆਦਮੀ ਪਾਰਟੀ ਹੀ ਆਸ ਦੀ ਕਿਰਨ ਬਚੀ ਹੈ ਕਿਉਂਕਿ ‘ਆਪ’ ਹੀ ਪੰਜਾਬ ਦੀ ਬਿਹਤਰੀ ਅਤੇ ਤਰੱਕੀ ਲਈ ਯੋਜਨਾਬੰਦੀ ਕਰ ਰਹੀ ਹੈ, ਜਦੋਂ ਕਿ ਬਾਕੀ ਪਾਰਟੀਆਂ ਭ੍ਰਿਸ਼ਟਾਚਾਰ ਵਿੱਚ ਗ੍ਰਸਤ ਹਨ। ਉਨਾਂ ਕਿਹਾ ਕਿ ਪੰਜਾਬ ਦੇ ਮੌਜ਼ੂਦਾ ਮੁੱਖ ਮੰਤਰੀ ਚੰਨੀ ਦੀ ਸਰਕਾਰ ਵਿੱਚ ਭ੍ਰਿਸ਼ਟ ਅਤੇ ਦਾਗੀ ਮੰਤਰੀਆਂ ਦੀ ਭਰਮਾਰ ਹੈ।

ਪਾਰਟੀ ਵੱਲੋਂ ਪੰਜਾਬ ਲਈ ਮੁੱਖ ਮੰਤਰੀ ਦੇ ਚਿਹਰੇ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕੇਜਰੀਵਾਲ ਨੇ ਕਿਹਾ ਕਿ ਸਹੀ ਸਮਾਂ ਆਉਣ ‘ਤੇ ਮੁੱਖ ਮੰਤਰੀ ਦਾ ਨਾਂਅ ਐਲਾਨ ਕੀਤਾ ਜਾਵੇਗਾ, ਪਰ ਪਾਰਟੀ ਅਜੇ ਇਸ ਮਾਮਲੇ ‘ਤੇ ਕੋਈ ਵਿਚਾਰ ਨਹੀਂ ਕਰ ਰਹੀ। ਪੱਤਰਕਾਰਾਂ ਦੀ ਸਹੂਲਤਾ ਦਾ ਐਲਾਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਹਰ ਸ਼ਹਿਰ ‘ਚ ਪ੍ਰੈਸ ਕਲੱਬ ਬਣਾਏ ਜਾਣਗੇ।

ਇਸ ਤੋਂ ਪਹਿਲਾਂ ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਹਸਪਤਾਲ ਕੇਵਲ ਮਰੀਜ਼ ਨੂੰ ਰੈਫ਼ਰ ਕਰਨ ਯੋਗੇ ਹਨ, ਨਾ ਇੱਥੇ ਡਾਕਟਰ ਹਨ ਅਤੇ ਨਾ ਹੀ ਡਾਕਟਰੀ ਸਮਾਨ। ਜਦੋਂ ਕਿ ਦਿੱਲੀ ‘ਚ ਸਿਹਤ ਸਹੂਲਤਾਂ ਦਾ ਵੱਡਾ ਮਾਰਕੇਬਾਜ ਪ੍ਰਬੰਧ ਹੈ ਅਤੇ ਦਿੱਲੀ ਦੇ ਸਿਹਤ ਸਹੂਲਤਾਂ ਦੇ ਮਾਡਲ ਨੂੰ ਹੋਰ ਵੱਡਾ ਕਰਕੇ ਪੰਜਾਬ ਵਿੱਚ ਲਾਗੂ ਕੀਤਾ ਜਾਵੇਗਾ।