ਧਰਮ ਤੇ ਵਿਰਸਾ

ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਮੁਹੱਲਾ ਕਰਤਾਰਪੁਰਾ ਕਹੋਟਾ ਸਾਹਿਬ ਤੋਂ ਸਜਾਇਆ ਨਗਰ ਕੀਰਤਨ

ਫੈਕਟ ਸਮਾਚਾਰ ਸੇਵਾ
ਨਾਭਾ , ਦਸੰਬਰ 8

ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਯੋਗ ਅਗਵਾਈ ’ਚ ਗੁਰੂਦਵਾਰਾ ਸਾਹਿਬ ਮੁਹੱਲਾ ਕਰਤਾਰਪੁਰਾ ਕਹੋਟਾ ਨਾਭਾ ਵਿਖੇ ਸ਼੍ਰੀ ਗੁਰੂ ਗਰੰਥ ਸਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਹਜੂਰੀ ਰਾਗੀ ਸੁਖਚੈਨ ਸਿੰਘ ਭਾਈ ਇੰਦਰਪ੍ਰੀਤ ਸਿੰਘ ਹਜ਼ੂਰੀ ਰਾਗੀ ਦੂਖਨਿਵਾਰਨ ਸਾਹਿਬ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਆਰੰਭਤਾ ਹਜੂਰੀ ਗ੍ਰੰਥੀ ਭਾਈ ਸੁਖਚੈਨ ਸਿੰਘ ਵੱਲੋਂ ਕੀਤੀ ਅਰਦਾਸ ਉਪਰੰਤ ਹੋਈ। ਇਸ ਮੌਕੇ ਗੁਰੂਦਵਾਰਾ ਸਾਹਿਬ ਦੇ ਪ੍ਰਧਾਨ ਅਮਰਜੀਤ ਸਿੰਘ ਸਰਤਾਜ ਵਲੋਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਅਦਬ, ਸਤਿਕਾਰ ਅਤੇ ਸ਼ਰਧਾ ਭਾਵਨਾ ਨਾਲ ਫੁੱਲਾਂ ਨਾਲ ਸਜੀ ਪਾਲਕੀ ’ਚ ਸ਼ੁਸ਼ੋਭਿਤ ਕੀਤਾ। ਇਹ ਨਗਰ ਕੀਰਤਨ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ’ਚ ਪੜਾਅ ਵੱਲ ਰਵਾਨਾ ਹੋਇਆ।

ਨਗਰ ਕੀਰਤਨ ਦੌਰਾਨ ਗੱਤਕਾ ਪਾਰਟੀਆਂ ਨੇ ਜੌਹਰ ਵਿਖਾਏ, ਉਥੇ ਹੀ ਪਾਲਕੀ ਅੱਗੇ ਝਾੜੂ ਬਰਦਾਰ ਬਣਕੇ ਸੇਵਾ ਕਰ ਰਹੀਆਂ ਸੰਗਤਾਂ ਵੀ ਖਿੱਚ ਦਾ ਕੇਂਦਰ ਬਣੀਆਂ ਰਹੀਆਂ ਅਤੇ ਸਿੱਖ ਜਥੇਬੰਦੀਆਂ ਤੋਂ ਇਲਾਵਾ ਸ਼ਬਦੀ ਜੱਥਿਆਂ, ਬੈਂਡ ਪਾਰਟੀਆਂ, ਸਕੂਲੀ ਬੱਚਿਆਂ ਅਤੇ ਗੁਰਮਤਿ ਕਾਲਜ ਦੇ ਵਿਦਿਆਰਥੀਆਂ ਨੇ ਨਗਰ ਕੀਰਤਨ ਨੂੰ ਵਿਲੱਖਣ ਰੰਗ ਪ੍ਰਦਾਨ ਕੀਤਾ।

ਨਗਰ ਕੀਰਤਨ ਦੌਰਾਨ ਰਾਗੀ ਸਿੰਘਾਂ ਨੇ ਸੰਗਤਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ, ਇਤਿਹਾਸ ਅਤੇ ਵਿਚਾਰਧਾਰਾ ਨਾਲ ਜੁੜਕੇ ਗੁਰਮਤਿ ਦੇ ਫਲਸਫੇ ਨੂੰ ਅਪਣਾਉਣ ਦੀ ਅਪੀਲ ਕੀਤੀ।

Visit Facebook Page: https://www.facebook.com/factnewsnet See videos: https://www.youtube.com/c/TheFACTNews/videos