ਡੱਬੀ ਬਾਜ਼ਾਰ ਦਾ ਹੋਵੇਗਾ ਸੁੰਦਰੀਕਰਨ, ਨਗਰ ਨਿਗਮ ਦੀ ਤਜਵੀਜ਼ ’ਤੇ ਵਿਚਾਰਾਂ  

ਫ਼ੈਕ੍ਟ ਸਮਾਚਾਰ ਸੇਵਾ
ਹੁਸ਼ਿਆਰਪੁਰ, ਜੁਲਾਈ 24
ਸ਼ਹਿਰ ਦੇ ਕੇਂਦਰ ਵਿਚ ਹੈਰੀਟੇਜ ਸਟਰੀਟ ’ਤੇ ਸਥਿਤ ਡੱਬੀ ਬਾਜ਼ਾਰ ਦੇ ਸੁੰਦਰੀਕਰਨ ਅਤੇ ਆਧੁਨਿਕੀਕਰਨ ਦੀ ਪ੍ਰਕਿਰਿਆ ਸਬੰਧੀ ਨਗਰ ਨਿਗਮ ਦੀ ਤਜਵੀਜ਼ ਨੂੰ ਸਿਧਾਂਤਕ ਪ੍ਰਵਾਨਗੀ ਦਿੰਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਨਗਰ ਨਿਗਮ ਨੂੰ ਇਸ ਪ੍ਰੋਜੈਕਟ ਸਬੰਧੀ ਜਲਦ ਖਾਕਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਡੱਬੀ ਬਾਜ਼ਾਰ ਨੂੰ ਮੁਕੰਮਲ ਹੈਰੀਟੇਜ ਦਿੱਖ ਦੇਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਅਤੇ ਨਗਰ ਨਿਗਮ ਦੇ ਕਮਿਸ਼ਨਰ ਆਸ਼ਿਕਾ ਜੈਨ ਨੇ ਕੌਂਸਲਰ ਅਨਮੋਲ ਜੈਨ ਦੀ ਮੌਜੂਦਗੀ ਵਿਚ ਸਥਾਨਕ ਬਾਜ਼ਾਰ ਦੇ ਦੁਕਾਨਦਾਰਾਂ ਆਦਿ ਨਾਲ ਪ੍ਰੋਜੈਕਟ ਸਬੰਧੀ ਅਹਿਮ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਆਸ਼ਿਕਾ ਜੈਨ ਨੇ ਦੱਸਿਆ ਕਿ ਡੱਬੀ ਬਾਜ਼ਾਰ ਦੀ ਕਾਇਆਕਲਪ ਲਈ ਨਗਰ ਨਿਗਮ ਵਲੋਂ ਜਲਦ ਹੀ ਪ੍ਰੋਜੈਕਟ ਦੀ ਪੂਰੀ ਰੂਪਰੇਖਾ ਤਿਆਰ ਕਰ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਡੱਬੀ ਬਾਜ਼ਾਰ, ਜੋ ਕਿ ਹੈਰੀਟੇਜ ਸਟਰੀਟ ਹੈ, ਦੇ ਹੋਰ ਸੁੰਦਰੀਕਰਨ ਅਤੇ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਲਈ ਦੁਕਾਨਦਾਰਾਂ ਦੇ ਵਿਚਾਰ ਲਏ ਗਏ ਤਾਂ ਜੋ ਰੋਜ਼ਾਨਾਂ ਹਜ਼ਾਰਾਂ ਦੀ ਗਿਣਤੀ ਵਿਚ ਲੰਘਣ ਵਾਲੇ ਲੋਕ ਬਾਜ਼ਾਰ ਦੀ ਵਿਰਾਸਤੀ ਦਿੱਖ ਤੋਂ ਜਾਣੂ ਹੋ ਸਕਣ। ਉਨ੍ਹਾਂ ਦੱਸਿਆ ਕਿ ਤਜਵੀਜ਼ ਅਨੁਸਾਰ ਬਾਜ਼ਾਰ ਵਿਚ ਡੈਕੋਰੇਟਿਵ ਲਾਈਟਾਂ, ਸਾਈਨ ਬੋਰਡ ਅਤੇ ਬਾਜ਼ਾਰ ਦੇ ਲਾਂਘੇ ਵਿੱਚ ਆਧੁਨਿਕ ਫਲੋਰ ਲਾਈਟਾਂ ਵਾਲਾ ਫਰਸ਼ ਵੀ ਲਗਵਾਇਆ ਜਾਵੇਗਾ। ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਡੱਬੀ ਬਾਜ਼ਾਰ ਦੀ ਹੈਰੀਟੇਜ ਦਿੱਖ ਨੂੰ ਹੋਰ ਮਨਮੋਹਣਾ ਬਨਾਉਣ, ਸੈਰ-ਸਪਾਟਾ ਸਰਗਰਮੀਆਂ ਨੂੰ ਸੁਰਜੀਤ ਅਤੇ ਪ੍ਰਫੂਲਤ ਕਰਨ ਦੇ ਨਾਲ-ਨਾਲ ਸ਼ੀਸ਼ ਮਹਿਲ ਦੀ ਵਿਰਾਸਤ ਨੂੰ ਹੋਰ ਮਜ਼ਬੂਤ ਕਰਨ, ਦਸਤਕਾਰੀ ਕਲਾ ਅਤੇ ਰਵਾਇਤੀ ਖਾਣ-ਪੀਣ ਵਾਲੀਆਂ ਥਾਵਾਂ ਨੂੰ ਹੋਰ ਵਿਕਸਿਤ ਕਰਨ ਲਈ ਨਗਰ ਨਿਗਮ ਵਲੋਂ ਸਾਰਾ ਖਰਚ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬਾਜ਼ਾਰ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਸਾਰਿਆਂ ਵਲੋਂ ਬਾਜ਼ਾਰ ਦੇ ਸੁੰਦਰੀਕਰਨ ਲਈ ਲੋੜੀਂਦੀ ਸਹਿਮਤੀ ਪ੍ਰਗਟਾਈ ਗਈ। ਉਨ੍ਹਾਂ ਦੱਸਿਆ ਕਿ ਨਿਗਰ ਨਿਗਮ ਵਲੋਂ ਪ੍ਰੋਜੈਕਟ ਤਹਿਤ ਜਲਦ ਹੀ ਖਾਕਾ ਤਿਆਰ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੌਕੇ ਡੀ.ਡੀ.ਐਫ. ਪਿਯੂਸ਼ ਗੋਇਲ, ਡੱਬੀ ਬਾਜ਼ਾਰ ਦੇ ਦੁਕਾਨਦਾਰ ਆਦਿ ਵੀ ਮੌਜੂਦ ਸਨ।

More from this section