ਵਿਦੇਸ਼

ਅਮਰੀਕਾ ‘ਚ ਕੋਵਿਡ-19 ਦੇ ਮਾਮਲਿਆਂ ਵਿਚ ਮੁੜ ਵਾਧਾ

ਫ਼ੈਕ੍ਟ ਸਮਾਚਾਰ ਸੇਵਾ ਵਾਸ਼ਿੰਗਟਨ , ਜੁਲਾਈ 15

ਅਮਰੀਕਾ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਗਿਰਾਵਟ ਦੇ ਮਹੀਨਿਆਂ ਬਾਅਦ ਇਕ ਵਾਰ ਵਾਧਾ ਦੇਖਿਆ ਜਾ ਰਿਹਾ ਹੈ। ਪਿਛਲੇ ਤਿੰਨ ਹਫ਼ਤਿਆਂ ਵਿਚ ਰੋਜ਼ਾਨਾ ਨਵੇਂ ਮਾਮਲਿਆਂ ਦੀ ਗਿਣਤੀ ਦੁੱਗਣੀ ਹੁੰਦੀ ਜਾ ਰਹੀ ਹੈ। ਅਜਿਹਾ ਹੋਣ ਦੇ ਪਿੱਛੇ ਦਾ ਕਾਰਨ ਡੈਲਟਾ ਵੈਰੀਐਂਟ, ਟੀਕਾਕਰਨ ਦੀ ਘੱਟ ਦਰ ਅਤੇ ਅਮਰੀਕਾ ਵਿਚ ਆਜ਼ਾਦੀ ਦਿਹਾੜੇ ਮੌਕੇ ਇਕੱਠੀ ਹੋਈ ਭੀੜ ਹੈ।

ਜੌਨਸ ਹਾਪਨਿਕਜ਼ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਇਕ ਦਿਨ ਵਿਚ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ ਵਿਚ 23,600 ਦਾ ਵਾਧਾ ਹੋਇਆ ਜਦਕਿ 23 ਜੂਨ ਨੂੰ ਇਹ 11,300 ਤੱਕ ਸੀ। ਦੋ ਰਾਜਾਂ ਮੇਨ ਅਤੇ ਦੱਖਣ ਡਕੋਟਾ ਵਿਚ ਪਿਛਲੇ ਦੋ ਹਫ਼ਤਿਆਂ ਵਿਚ ਇਨਫੈਕਸ਼ਨ ਦੇ ਮਾਮਲੇ ਵਧੇ ਹਨ। ਵਾਸ਼ਿੰਗਟਨ ਯੂਨੀਵਰਸਿਟੀ ਦੇ ਸੈਂਟ ਲੁਇਸ ਵਿਚ ਸਕੂਲ ਆਫ ਮੈਡੀਸਨ ਦੇ ਛੂਤਕਾਰੀ ਰੋਗ ਪ੍ਰਭਾਵ ਦੇ ਸਹਿ-ਨਿਰਦੇਸ਼ਕ ਡਾਕਟਰ ਬਿੱਲ ਪਾਉਡਰਲੀ ਨੇ ਕਿਹਾ ਕਿ ਇਹ ਕੋਈ ਸੰਜੋਗ ਨਹੀਂ ਹੈ ਜਦੋਂ ਆਜ਼ਾਦੀ ਦਿਹਾੜੇ ਦੇ ਵੀਕੈਂਡ ਮਗਰੋਂ ਠੀਕ ਉਸੇ ਸਮੇਂ ਅਸੀਂ ਵੱਧਦੇ ਹੋਏ ਮਾਮਲੇ ਦੇਖ ਰਹੇ ਹਾਂ, ਜਦਕਿ ਸਾਨੂੰ ਅਜਿਹਾ ਹੋਣ ਦੀ ਆਸ ਸੀ।

ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਮੁਤਾਬਕ, ਜਿਹੜੇ ਪੰਜ ਰਾਜਾਂ ਵਿਚ ਦੋ ਹਫ਼ਤਿਆਂ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਸਭ ਤੋਂ ਵੱਧ ਵਧੇ ਹਨ ਉੱਥੇ ਟੀਕਾਕਰਨ ਦੀ ਦਰ ਘੱਟ ਹੈ। ਇਹ ਪੰਜ ਰਾਜ ਮਿਸੌਰੀ (45.9 ਫੀਸਦ), ਅਰਕੰਸਾਸ (43 ਫੀਸਦ), ਨੇਵੇਡਾ (50.9 ਫੀਸਦ) ਲੁਸੀਆਨਾ (39.2 ਫੀਸਦ) ਅਤੇ ਉਟਾਹ (49.5 ਫੀਸਦ) ਹਨ। ਇਨਫੈਕਸ਼ਨ ਦੇ ਮਾਮਲੇ ਵਧਣ ਵਿਚਕਾਰ ਲਾਸ ਏਂਜਲਸ ਕਾਊਂਟੀ ਅਤੇ ਸੈਂਟ ਲੁਇਸ ਜਿਹੀਆਂ ਥਾਵਾਂ ‘ਤੇ ਸਿਹਤ ਅਧਿਕਾਰੀ ਟੀਕਾ ਲਗਵਾ ਚੁੱਕੇ ਲੋਕਾਂ ਨੂੰ ਵੀ ਜਨਤਕ ਥਾਵਾਂ ‘ਤੇ ਮੁੜ ਮਾਸਕ ਪਾਉਣ ਦੀ ਅਪੀਲ ਕਰ ਰਹੇ ਹਨ।

ਸ਼ਿਕਾਗੋ ਦੇ ਅਧਿਕਾਰੀਆਂ ਨੇ ਐਲਾਨ ਕੀਤਾ ਕਿ ਮਿਸੌਰੀ ਅਤੇ ਅਰਕੰਸਾਸ ਤੋਂ ਆਉਣ ਵਾਲੇ ਉਹਨਾਂ ਲੋਕਾਂ ਨੂੰ 10 ਦਿਨ ਲਈ ਇਕਾਂਤਵਾਸ ਵਿਚ ਰਹਿਣਾ ਪਵੇਗਾ ਜਾਂ ਕੋਵਿਡ-19 ਦੀ ਨੈਗੇਟਿਵ ਜਾਂਚ ਰਿਪੋਰਟ ਦਿਖਾਉਣੀ ਪਵੇਗੀ, ਜਿਹਨਾਂ ਨੇ ਟੀਕਾ ਨਹੀਂ ਲਗਵਾਇਆ ਹੈ।