ਵਿਦੇਸ਼

ਅਮਰੀਕਾ ‘ਚ ਸੀ ਡੀ ਸੀ ਵਲੋਂ ਗਰਭਵਤੀ ਔਰਤਾਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਦੀ ਅਪੀਲ

ਫ਼ੈਕ੍ਟ ਸਮਾਚਾਰ ਸੇਵਾ ਫਰਿਜ਼ਨੋ , ਅਗਸਤ 13

ਅਮਰੀਕੀ ਏਜੰਸੀ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸਨ (ਸੀ ਡੀ ਸੀ) ਦੁਆਰਾ ਗਰਭਵਤੀ ਔਰਤਾਂ ਨੂੰ ਵਾਇਰਸ ਤੋਂ ਸੁਰੱਖਿਆ ਪ੍ਰਾਪਤ ਕਰਨ ਲਈ ਕੋਰੋਨਾ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਗਈ ਹੈ। ਸੀ ਡੀ ਸੀ ਨੇ ਇਸ ਸਬੰਧੀ ਨਵੇਂ ਸਬੂਤ ਜਾਰੀ ਕੀਤੇ ਜੋ ਗਰਭਵਤੀ ਔਰਤਾਂ ਨੂੰ ਕੋਵਿਡ -19 ਵੈਕਸੀਨ ਲੈਣ ਲਈ ਜੋਰ ਦਿੰਦੇ ਹਨ। ਏਜੰਸੀ ਵਲੋਂ ਜਾਰੀ ਨਵੇਂ ਸੁਰੱਖਿਆ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਫਾਈਜ਼ਰ ਜਾਂ ਮੋਡਰਨਾ ਟੀਕੇ ਦੀ ਘੱਟੋ ਘੱਟ ਇੱਕ ਖੁਰਾਕ ਪ੍ਰਾਪਤ ਕਰਨ ਨਾਲ ਗਰਭਪਾਤ ਦਾ ਜੋਖਮ ਘਟਦਾ ਹੈ।

ਜਦਕਿ ਸਿਹਤ ਮਾਹਿਰਾਂ ਅਨੁਸਾਰ ਗਰਭਵਤੀ ਔਰਤਾਂ ਜੋ ਵਾਇਰਸ ਨਾਲ ਪੀੜਿਤ ਹੋ ਜਾਂਦੀਆਂ ਹਨ , ਉਨ੍ਹਾਂ ਵਿੱਚ ਗੰਭੀਰ ਬਿਮਾਰੀ ਅਤੇ ਗਰਭ ਅਵਸਥਾ ਦੀਆਂ ਸਮੱਸਿਆਵਾਂ ਦਾ ਵਧੇਰੇ ਜੋਖਮ ਹੁੰਦਾ ਹੈ, ਜਿਸ ਵਿੱਚ ਗਰਭਪਾਤ ਵੀ ਸ਼ਾਮਲ ਹੈ। ਸੀ ਡੀ ਸੀ ਦੇ ਅੰਕੜਿਆਂ ਦੇ ਅਨੁਸਾਰ ਦੇਸ਼ ਵਿੱਚ ਗਰਭਵਤੀ ਮਾਵਾਂ ਦੀ ਟੀਕਾਕਰਨ ਦਰ ਪਛੜ ਗਈ, ਸਿਰਫ 23% ਨੂੰ ਘੱਟੋ ਘੱਟ ਇੱਕ ਖੁਰਾਕ ਮਿਲੀ ਹੈ। ਇਸਤੋਂ ਇਲਾਵਾ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ ਡੀ ਏ) ਤੋਂ ਅਗਲੇ ਕੁਝ ਹਫਤਿਆਂ ਵਿੱਚ ਸਿਹਤ ਸਮੱਸਿਆਵਾਂ ਵਾਲੇ ਲੋਕਾਂ ਨੂੰ ਜਿਆਦਾ ਸੁਰੱਖਿਆ ਦੇਣ ਲਈ ਫਾਈਜ਼ਰ ਦੇ ਟੀਕੇ ਨੂੰ ਪੂਰੀ ਤਰ੍ਹਾਂ ਮਨਜ਼ੂਰ ਕਰਨ ਬਾਰੇ ਫੈਸਲਾ ਲੈਣ ਦੀ ਉਮੀਦ ਕੀਤੀ ਜਾ ਰਹੀ ਹੈ, ਜਿਸ ਨੂੰ ਇਸ ਵੇਲੇ ਐਮਰਜੈਂਸੀ ਵਰਤੋਂ ਦਾ ਅਧਿਕਾਰ ਦਿੱਤਾ ਗਿਆ ਹੈ।