ਪੰਜਾਬ

ਜ਼ਿਲ੍ਹੇ ’ਚ ਬਿਨਾਂ ਮਨਜ਼ੂਰੀ ਡਰੋਨ ਉਡਾਉਣ ’ਤੇ ਪੂਰਨ ਪਾਬੰਦੀ

ਫ਼ੈਕ੍ਟ ਸਮਾਚਾਰ ਸੇਵਾ
ਸੰਗਰੂਰ, ਅਗਸਤ 02
ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਤਹਿਆਤੀ ਤੌਰ ’ਤੇ ਜ਼ਿਲਾ ਮੈਜਿਸਟ੍ਰੇਟ ਸੰਗਰੂਰ ਰਾਮਵੀਰ ਨੇ ਹੁਕਮ ਜਾਰੀ ਕਰ ਸੰਗਰੂਰ ਜ਼ਿਲ੍ਹੇ ’ਚ ਬਿਨਾਂ ਮਨਜ਼ੂਰੀ ਡਰੋਨ ਉਡਾਉਣ ’ਤੇ ਪੂਰਨ ਪਾਬੰਦੀ ਲਾ ਦਿੱਤੀ ਹੈ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਦੁਆਰਾ ਡਰੋਨ ਅਤੇ ਯੂ.ਏ.ਵੀ. ਦੀ ਸੰਭਾਵਤ ਦੁਰਵਰਤੋਂ ਅਤੇ ਕਾਨੂੰਨ ਤੇ ਵਿਵਸਥਾ ਦੀ ਸਮੱਸਿਆ ਅਤੇ ਸੁਰੱਖਿਆ ਖ਼ਤਰੇ ਦੇ ਮੱਦੇਨਜ਼ਰ ਡਰੋਨ ਅਤੇ ਹੋਰ ਉੱਡਣ ਵਾਲੇ ਉਪਕਰਨਾਂ ’ਤੇ ਪਾਬੰਦੀ ਲਗਾਈ ਗਈ ਹੈ। ਹੁਕਮਾਂ ਅਨੁਸਾਰ ਕੁਝ ਨਿਯਤ ਸ਼ਰਤਾਂ ਦੀ ਪਾਲਣਾ ਕਰਦਿਆਂ ਅਗੇਤੀ ਮਨਜ਼ੂਰੀ ਦੇ ਅਧਾਰ ’ਤੇ ਹੀ ਹੁਣ ਡਰੋਨ ਉਡਾਏ ਜਾ ਸਕਦੇ ਹਨ। ਜ਼ਿਲ੍ਹਾ ਮੈਜਿਸਟਰੇਟ ਨੇ ਹੁਕਮਾਂ ’ਚ ਕਿਹਾ ਕਿ ਰਿੰਗ ਸੈਰੇਮਨੀ, ਪ੍ਰੀ-ਵੈਡਿੰਗ ਫ਼ੋਟੋ ਸ਼ੂਟ, ਵਿਆਹ ਸਮਾਗਮ ਅਤੇ ਸਮਾਜਿਕ ਤੇ ਸਿਆਸੀ ਇਕੱਠ ਆਦਿ ਦੀ ਫ਼ੋਟੋਗ੍ਰਾਫ਼ੀ ਲਈ ਵੀ ਡਰੋਨ ਦੀ ਵਰਤੋਂ ਅਗੇਤੀ ਲਿਖਤੀ ਆਗਿਆ ਲੈ ਕੇ ਹੀ ਕੀਤੀ ਜਾ ਸਕੇਗੀ। ਜ਼ਿਲ੍ਹੇ ਅੰਦਰ ਸਾਰੇ ਡਰੋਨ ਆਪ੍ਰੇਟਿੰਗ ਡੀ.ਜੀ.ਸੀ.ਏ. ਦੇ ਨਿਯਮਾਂ ਅਨੁਸਾਰ ਸਬੰਧਤ ਐਸ.ਡੀ.ਐਮ. ਕੋਲ ਰਜਿਸਟਰਡ ਹੋਣਗੇ। ਐਸ.ਡੀ.ਐਮ. ਵੱਲੋਂ ਹਰੇਕ ਡਰੋਨ ਨੂੰ ਯੂਨੀਕ ਆਈਡਿੰਟੀਫਿਕੇਸ਼ਨ ਨੰਬਰ (ਯੂ.ਆਈ.ਐਨ.) ਜਾਰੀ ਕੀਤਾ ਜਾਵੇਗਾ ਅਤੇ ਡਰੋਨ ਜਾਂ ਯੂਏਵੀ ਦੀ ਬਣਤਰ, ਟਾਈਪ, ਯੂਨੀਕ ਬਾਡੀ ਜਾਂ ਚਾਸੀ ਨੰਬਰ ਇਕ ਵੱਖਰੇ ਰਜਿਸਟਰ ’ਤੇ ਦਰਜ ਕੀਤਾ ਜਾਵੇਗਾ। ਹੁਕਮਾਂ ਅਨੁਸਾਰ ਡਰੋਨ ਪਾਈਲਟ ਇਸ ਨੂੰ ਉਡਾਉਣ ਸਮੇਂ ਡਰੋਨ ਨੂੰ ਆਪਣੀ ਨਜ਼ਰ ਦੇ ਸਾਹਮਣੇ ਰੱਖਣਗੇ। ਏਅਰਪੋਰਟ, ਕੌਮਾਂਤਰੀ ਸਰਹੱਦ, ਸਟੇਰਜਿਕ ਸਥਾਨ, ਵਾਈਟਲ ਇੰਸਟਾਲਾਜੇਸ਼ਨਜ਼, ਪਾਬੰਦੀਸ਼ੁਦਾ ਖੇਤਰ, ਸਰਕਾਰੀ ਇਮਾਰਤਾਂ, ਸੀ.ਏ.ਪੀ.ਐਫ਼ ਅਤੇ ਮਿਲਟਰੀ ਖੇਤਰਾਂ ਦੇ ਨੇੜੇ ਡਰੋਨ ਨਹੀਂ ਉਡਾਏ ਜਾ ਸਕਦੇ ਅਤੇ ਕੋਈ ਵੀ ਡਰੋਨ 400 ਫ਼ੁੱਟ ਤੋਂ ਉਪਰ ਨਹੀਂ ਉਡਾਇਆ ਜਾਵੇਗਾ। ਹੁਕਮਾਂ ਅਨੁਸਾਰ ਮਾਈਕ੍ਰੋ ਡਰੋਨ (250 ਗ੍ਰਾਮ ਤੋਂ 2 ਕਿੱਲੋ) ਜ਼ਮੀਨ ਪੱਧਰ ਤੋਂ 60 ਮੀਟਰ ਦੀ ਉਚਾਈ ਤੋਂ ਅਤੇ ਛੋਟੇ ਡਰੋਨ (2 ਕਿੱਲੋ ਤੋਂ 25 ਕਿੱਲੋ) 120 ਮੀਟਰ ਦੀ ਉਚਾਈ ਤੋਂ ਵੱਧ ਨਹੀਂ ਉਡਾਏ ਜਾਣਗੇ ਤੇ ਇਨ੍ਹਾਂ ਦੀ ਰਫ਼ਤਾਰ ਵੱਧ ਤੋਂ ਵੱਧ 25 ਮੀਟਰ ਪ੍ਰਤੀ ਸੈਕਿੰਡ ਹੋਵੇਗੀੇ। ਮੀਡੀਅਮ (25 ਕਿੱਲੋ ਤੋਂ 150 ਕਿੱਲੋ) ਅਤੇ ਵੱਡੇ ਡਰੋਨ (150 ਕਿੱਲੋ ਤੋਂ ਵੱਧ) ਡਰੋਨ ਐਸ.ਡੀ.ਐਮ. ਵੱਲੋਂ ਜਾਰੀ ਆਪ੍ਰੇਟਰ ਪਰਮਿਟ ਵਿਚ ਦਰਜ ਸ਼ਰਤਾਂ ਅਨੁਸਾਰ ਹੀ ਉਡਾਏ ਜਾ ਸਕਣਗੇ। ਹੁਕਮਾਂ ਅਨੁਸਾਰ ਸੂਰਜ ਛਿਪਣ ਤੋਂ ਬਾਅਦ ਅਤੇ ਸੂਰਜ ਚੜ੍ਹਨ ਤੋਂ ਪਹਿਲਾਂ ਕੋਈ ਵੀ ਡਰੋਨ ਨਹੀਂ ਉਡਾਇਆ ਜਾਵੇਗਾ। ਜ਼ਰੂਰੀ ਹੋਣ ’ਤੇ ਡੀ.ਐਮ ਜਾਂ ਏ.ਡੀ.ਐਮ. ਤੋਂ ਪਹਿਲਾ ਮਨਜ਼ੂਰੀ ਲੈਣੀ ਹੋਵੇਗੀ ਜੋ ਕਿ ਸੀ.ਪੀ. ਜਾਂ ਐਸ.ਐਸ.ਪੀ. ਦੀਆਂ ਸਿਫ਼ਾਰਸ਼ਾਂ ’ਤੇ ਅਧਾਰਤ ਹੋਵੇਗੀ। ਡਰੋਨ ਦੁਆਰਾ ਕਿਸੇ ਵੀ ਵਿਅਕਤੀ ਜਾਂ ਜਾਇਦਾਦ ਦੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਜ਼ਿੰਮੇਵਾਰੀ ਡਰੋਨ ਮਾਲਕ ਅਤੇ ਆਪ੍ਰੇਟਰ ਦੀ ਹੋਵੇਗੀੇ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਰੁੱਧ ਆਈ.ਪੀ.ਸੀ. ਦੀ ਧਾਰਾ 188 ਅਧੀਨ ਜਾਂ ਹੋਰ ਸਬੰਧਤ ਕਾਨੂੰਨਾਂ ਅਧੀਨ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਹੁਕਮਾਂ ਅਨੁਸਾਰ ਪੁਲੀਸ ਮੁਲਾਜ਼ਮਾਂ ਅਤੇ ਹੋਰ ਸਰਕਾਰੀ ਅਧਿਕਾਰੀਆਂ ਅਤੇ ਏਜੰਸੀਆਂ ਨੂੰ ਉਨ੍ਹਾਂ ਦੀ ਡਿਊਟੀ ਨਾਲ ਸਬੰਧਤ ਕੰਮਾਂ ਲਈ ਡਰੋਨ ਉਡਾਉਣ ਦੀ ਸ਼ਰਤਾਂ ਸਮੇਤ ਇਜਾਜ਼ਤ ਹੋਵੇਗੀ। ਪੁਲੀਸ ਮੁਲਾਜ਼ਮ ਅਤੇ ਹੋਰ ਸਰਕਾਰੀ ਅਧਿਕਾਰੀ ਜੇਕਰ ਉਨ੍ਹਾਂ ਦੀ ਕੋਈ ਵਰਦੀ ਹੈ ਤਾਂ ਡਰੋਨ ਉਡਾਉਣ ਮੌਕੇ ਉਹ ਆਪਣੀ ਵਰਦੀ ਜ਼ਰੂਰ ਪਾਉਣ ਅਤੇ ਉਨ੍ਹਾਂ ਕੋਲ ਪਛਾਣ ਪੱਤਰ ਅਤੇ ਸਮਰੱਥ ਅਧਿਕਾਰੀ ਵੱਲੋਂ ਉਨ੍ਹਾਂ ਦੀ ਡਰੋਨ ਉਡਾਉਣ ਦੀ ਅਧਿਕਾਰਤ ਡਿਊਟੀ ਦੇ ਸਬੰਧ ਵਿਚ ਜਾਰੀ ਕੀਤਾ ਅਧਿਕਾਰਤ ਕਾਰਡ ਕੋਲ ਹੋਵੇ।