ਦੇਸ਼-ਦੁਨੀਆ

ਬਿਹਾਰ ‘ਚ ਸਿੱਖ ਸ਼ਰਧਾਲੂਆਂ ਨਾਲ ਝੜਪ, ਕਈ ਜ਼ਖ਼ਮੀ

ਫੈਕਟ ਸਮਾਚਾਰ ਸੇਵਾ
ਆਰਾ , ਜਨਵਰੀ 17

ਬਿਹਾਰ ਦੇ ਆਰਾ ਸਾਸਾਰਾਮ ਸਟੇਟ ਹਾਈਵੇ ’ਤੇ ਜ਼ਿਲ੍ਹੇ ਦੇ ਚਰਪੋਖਰੀ ਥਾਣਾ ਖੇਤਰ ਦੇ ਧਿਆਨੀ ਟੋਲਾ ਪਿੰਡ ਨੇੜੇ ਚੰਦਾ ਦੇਣ ਦਾ ਵਿਰੋਧ ਕਰਨ ’ਤੇ ਪ੍ਰਕਾਸ਼ ਪੁਰਬ ਮਨਾ ਕੇ ਪਰਤ ਰਹੇ ਸਿੱਖ ਸ਼ਰਧਾਲੂਆਂ ਦੀ ਕੁੱਟ-ਮਾਰ ਕਰ ਦਿੱਤੀ ਗਈ, ਜਿਸ ਵਿਚ ਅੱਧਾ ਦਰਜ ਸ਼ਰਧਾਲੂ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀ ਸ਼ਰਧਾਲੂਆਂ ਦਾ ਇਲਾਜ ਚਰਪੋਖਰੀ ਪੀ.ਐੱਸ.ਸੀ. ’ਚ ਕਰਵਾਇਆ ਗਿਆ।

ਜਾਣਕਾਰੀ ਮੁਤਾਬਕ ਸਾਰੇ ਸ਼ਰਧਾਲੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ’ਚ ਸ਼ਾਮਲ ਹੋਣ ਪਟਨਾ ਗਏ ਸਨ। ਪ੍ਰਕਾਸ਼ ਪੁਰਬ ਮਨਾ ਕੇ ਪਟਨਾ ਤੋਂ ਟਰੱਕ ’ਤੇ 60 ਲੋਕ ਸਵਾਰ ਹੋ ਕੇ ਵਾਪਸ ਪੰਜਾਬ ਪਰਤ ਰਹੇ ਸਨ। ਇਸ ਦਰਮਿਆਨ ਚਰਪੋਖਰੀ ਥਾਣਾ ਦੇ ਧਿਆਨੀ ਟੋਲਾ ਪਿੰਡ ਨੇੜੇ ਹੋ ਰਹੇ ਹਵਨ ਨੂੰ ਲੈ ਕੇ ਕੁਝ ਨੌਜਵਾਨਾਂ ਵਲੋਂ ਉਨ੍ਹਾਂ ਦਾ ਟਰੱਕ ਰੋਕ ਦਿੱਤਾ ਗਿਆ ਅਤੇ ਉਨ੍ਹਾਂ ਤੋਂ ਚੰਦਾ ਮੰਗਿਆ ਜਾਣ ਲੱਗਾ। ਜਦੋਂ ਉਨ੍ਹਾਂ ਇਸਦਾ ਵਿਰੋਧ ਕੀਤਾ ਤਾਂ ਉਕਤ ਨੌਜਵਾਨਾਂ ਨੇ ਟਰੱਕ ’ਤੇ ਇੱਟਾ-ਪੱਥਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਘਟਨਾ ’ਚ ਅੱਧਾ ਦਰਜ ਤੋਂ ਜ਼ਿਆਦਾ ਸ਼ਰਧਾਲੂਆਂ ਦੀ ਕੁੱਟ-ਮਾਰ ਕਰ ਦਿੱਤੀ ਗਈ, ਜਿਸ ਨਾਲ ਉਹ ਜ਼ਖ਼ਮੀ ਹੋ ਗਏ। ਜ਼ਖ਼ਮੀ ਤਜਿੰਦਰ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਕੁਝ ਨੌਜਵਾਨਾਂ ਨੇ ਚੰਦਾ ਮੰਗਿਆ। ਇਸ ਦੌਰਾਨ ਉਨ੍ਹਾਂ ਨੌਜਵਾਨਾਂ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਬਾਅਦ ਵਿਚ ਇੱਟਾ-ਪੱਥਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਮਨਪ੍ਰੀਤ ਸਿੰਘ, ਬੀਰੇਂਦਰ ਸਿੰਘ, ਹਰਪ੍ਰੀਤ ਸਿੰਘ, ਬਲਬੀਰ ਸਿੰਘ, ਜਸਬੀਰ ਸਿੰਘ, ਹਰਪ੍ਰੀਤ ਅਤੇ ਟਰੱਕ ਚਾਲਕ ਤਜਿੰਦਰ ਸਿੰਘ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀ ਮੋਹਾਲੀ, ਫ਼ਹਿਗੜ੍ਹ ਸਾਹਿਬ ਅਤੇ ਚੰਡੀਗੜ੍ਹ ਦੇ ਨਿਵਾਸੀ ਹਨ।

ਭੋਜਪੁਰ ਦੇ ਐੱਸ.ਪੀ. ਵਿਨੇ ਤਿਵਾਰੀ ਨੇ ਦੱਸਿਆ ਕਿ ਯੱਗ ਪੂਜਾ ਕਮੇਟੀ ਦੇ ਪ੍ਰਧਾਨ ਸੁਰੇਂਦਰ ਸਿੰਘ, ਗੋਲੂ ਕੁਮਾਰ, ਬਿੱਟੂ ਰਾਮ ਅਤੇ ਲਲਨ ਸਿੰਘ ਸਮੇਤ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਐੱਸ.ਪੀ. ਨੇ ਦੱਸਿਆ ਕਿ ਚੰਦੇ ਨੂੰ ਲੈ ਕੇ ਵਿਵਾਦ ਹੋਇਆ ਸੀ। ਫਿਲਹਾਲ ਸਾਰੇ ਸ਼ਰਧਾਲੂਆਂ ਨੂੰ ਪੁਲਸ ਸੁਰੱਖਿਆ ਦੇ ਨਾਲ ਪੰਜਾਬ ਰਵਾਨਾ ਕਰ ਦਿੱਤਾ ਗਿਆ ਹੈ।

Facebook Page:https://www.facebook.com/factnewsnet

See videos: https://www.youtube.com/c/TheFACTNews/videos