ਪੰਜਾਬ

ਹਾਈਰਿਸਕ ਗਰਭਵਤੀ ਔਰਤਾਂ ਦੀ ਸਿਹਤ ਦਾ ਖ਼ਾਸ ਧਿਆਨ ਰੱਖਿਆ ਜਾਵੇ : ਸਿਵਲ ਸਰਜਨ

ਫ਼ੈਕ੍ਟ ਸਮਾਚਾਰ ਸੇਵਾ ਨਵਾਂਸ਼ਹਿਰ, ਅਗਸਤ 6

ਸ਼ਹੀਦ ਭਗਤ ਸਿੰਘ ਨਗਰ ਦੇ ਮਾਣਯੋਗ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਦੀ ਪ੍ਰਧਾਨਗੀ ਹੇਠ ਜਣੇਪੇ ਦੌਰਾਨ ਹੋਣ ਵਾਲੀਆਂ ਮੌਤਾਂ ਸਬੰਧੀ ਅੱਜ ਜ਼ਿਲ੍ਹਾ ਪੱਧਰੀ ਮਾਤਰੀ ਮੌਤ ਮੁਲਾਂਕਣ ਕਮੇਟੀ ਦੀ ਹੋਈ ਰੀਵਿਊ ਮੀਟਿੰਗ ਵਿਚ ਤਿੰਨ ਮਹੀਨਿਆਂ ਦੌਰਾਨ ਹੋਈਆਂ 2 ਮਾਤਰੀ ਮੌਤਾਂ ਦੇ ਕੇਸਾਂ ਨੂੰ ਵਿਚਾਰਿਆ ਗਿਆ। ਇਹ 2 ਕੇਸ ਸਿਹਤ ਬਲਾਕ ਬਲਾਚੌਰ ਤੇ ਸੜੋਏ ਨਾਲ ਸਬੰਧਤ ਸਨ।

ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਸਟਾਫ ਨੂੰ ਸਖਤ ਹਦਾਇਤਾਂ ਕੀਤੀਆਂ ਕਿ ਮਾਤਰੀ ਮੌਤ ਦਰ ਨੂੰ ਘਟਾਉਣ ਲਈ ਢੁੱਕਵੇਂ ਕਦਮ ਚੁੱਕੇ ਜਾਣ ਅਤੇ ਗਰਭਵਤੀ ਔਰਤਾਂ ਰਜਿਸਟ੍ਰੇਸ਼ਨ ਤੋਂ ਲੈ ਕੇ ਜਣੇਪਾ ਹੋਣ ਤੱਕ ਤੇ ਜਣੇਪੇ ਤੋਂ ਬਾਅਦ ਵੀ ਦੇਖਭਾਲ ਵਿਚ ਕੋਈ ਕਮੀ ਨਾ ਆਉਣ ਦਿੱਤੀ ਜਾਵੇ।ਮਾਤਰੀ ਮੌਤ ਰੀਵਿਊ ਮੀਟਿੰਗ ਦੌਰਾਨ ਮਾਣਯੋਗ ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਦਾ ਉਦੇਸ਼ ਮਾਤਰੀ ਮੌਤ ਦਰ ਨੂੰ ਘਟਾਉਣਾ ਹੈ। ਇਸ ਲਈ ਜਨਨੀ ਸ਼ਿਸ਼ੂ ਸੁਰੱਖਿਆ ਪ੍ਰੋਗਰਾਮ ਤਹਿਤ ਹਰੇਕ ਗਰਭਵਤੀ ਔਰਤ ਨੂੰ ਗਰਭ ਧਾਰਨ ਤੋਂ ਲੈ ਕੇ ਬੱਚੇ ਦੇ ਜਨਮ ਤੱਕ ਸਾਰੀਆਂ ਸਿਹਤ ਸੇਵਾਵਾਂ ਮੁਫਤ ਪ੍ਰਦਾਨ ਕਰਨੀਆਂ ਯਕੀਨੀ ਬਣਾਈਆਂ ਜਾਣ।

ਉਹਨਾਂ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਜਣੇਪਾ ਕਰਵਾਉਣ ‘ਤੇ ਮੁਫ਼ਤ ਖੁਰਾਕ ਤੇ ਦਵਾਈਆਂ, ਮੈਡੀਕਲ ਚੈਕਅੱਪ, ਲੈਬ ਟੈਸਟ, ਸਕੈਨਿੰਗ, ਹਸਪਤਾਲ ਆਉਣਾ ਤੇ ਛੱਡਣਾ ਸਮੇਤ ਜਨਨੀ ਸੁਰੱਖਿਆ ਯੋਜਨਾ ਤਹਿਤ ਵਿੱਤੀ ਮਦਦ ਵੀ ਦਿੱਤੀ ਜਾਂਦੀ ਹੈ। ਗਰਭਵਤੀ ਔਰਤਾਂ ਨੂੰ ਸਰਕਾਰੀ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਫਾਇਦਾ ਦਿਵਾਇਆ ਜਾਵੇ ਤਾਂ ਜੋ ਮਾਤਰੀ ਮੌਤ ਦੇ ਜ਼ੋਖਮ ਨੂੰ ਘਟਾਇਆ ਜਾ ਸਕੇ। ਇਸ ਮੌਕੇ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਚੰਦਰ ਵੱਲੋਂ ਹਦਾਇਤ ਕੀਤੀ ਗਈ ਕਿ ਹਾਈ ਰਿਸਕ ਗਰਭਵਤੀ ਔਰਤਾਂ ਉੱਤੇ ਖਾਸ ਧਿਆਨ ਕੇਂਦਰਿਤ ਕੀਤਾ ਜਾਵੇ। ਜੇਕਰ ਸਿਹਤ ਕੇਂਦਰ ਵਿਚ ਕੋਈ ਵੀ ਗਰਭਵਤੀ ਮਾਂ ਪਹਿਲੀ ਵਾਰ ਚੈੱਕਅਪ ਦੌਰਾਨ ਹੀ ਹਾਈ ਰਿਸਕ ਲੱਗੇ ਜਿਵੇਂ ਕਿ ਬੀ. ਪੀ. ਤੇ ਸ਼ੂਗਰ ਵਧਦੀ ਹੋਵੇ, ਖੂਨ 7 ਗ੍ਰਾਮ ਤੋਂ ਘੱਟ ਹੋਵੇ ਜਾਂ 5 ਫੁੱਟ ਤੋਂ ਘੱਟ ਕੱਦ ਹੋਵੇ ਆਦਿ ਤਾਂ ਉਸ ਮਰੀਜ਼ ਨੂੰ ਤੁਰੰਤ ਜ਼ਿਲ੍ਹਾ ਸਰਕਾਰੀ ਹਸਪਤਾਲ ਪੱਧਰ ’ਤੇ ਰੈਫਰ ਕੀਤਾ ਜਾਵੇ। ਉਸ ਸਮੇਂ ਉਸ ਮਰੀਜ਼ ਦੇ ਵਾਰਿਸ ਨੂੰ ਸਮਝਾਇਆ ਜਾਵੇ ਕਿ ਮਾਂ ਅਤੇ ਬੱਚੇ ਦੀ ਜਾਨ ਨੂੰ ਖਤਰਾ ਕਿਵੇਂ ਘਟਾਇਆ ਜਾ ਸਕਦਾ ਹੈ ਅਤੇ ਇਹ ਸਭ ਕੁੱਝ ਗਰਭਵਤੀ ਔਰਤ ਨੂੰ ਵੀ ਦੱਸਣਾ ਯਕੀਨੀ ਬਣਾਇਆ ਜਾਵੇ।

ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਜਣੇਪੇ ਨਾਲ ਸਬੰਧਤ ਗਰਭਵਤੀ ਮਾਵਾਂ ਦਾ ਸਪੈਸ਼ਲਿਸਟ ਡਾਕਟਰ ਕੋਲੋਂ ਸਰਕਾਰੀ ਹਸਪਤਾਲਾਂ ਵਿਚ ਹੀ ਚੈਕਅੱਪ ਕਰਵਾਇਆ ਜਾਵੇ, ਕਿਉਂਕਿ ਸਪੈਸ਼ਲਿਸਟ ਡਾਕਟਰ ਜ਼ਿਆਦਾ ਗਿਆਨਵਾਨ ਹੁੰਦੇ ਹਨ। ਅਜਿਹੇ ਡਾਕਟਰ ਜਿਨ੍ਹਾਂ ਕੋਲ ਗਰਭਵਤੀ ਮਾਵਾਂ ਦੀ ਜਾਂਚ ਸਬੰਧੀ ਮੁਹਾਰਤ ਹਾਸਲ ਨਹੀਂ ਹੈ, ਉਨ੍ਹਾਂ ਕੋਲ ਜਾਣ ਨਾਲ ਮਾਂ ਅਤੇ ਬੱਚੇ ਦੋਵਾਂ ਦੀ ਜਾਨ ਨੂੰ ਖਤਰਾ ਖੜ੍ਹਾ ਹੋ ਸਕਦਾ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਗਾਈਨਾਕੋਲੋਜਿਸਟ ਡਾ. ਦੀਪਾਲੀ, ਡਾ, ਮੇਗਾ ਕਟਿਆਲ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ ਠਾਕੁਰ, ਜ਼ਿਲ੍ਹਾ ਨਿਗਰਾਨੀ ਤੇ ਮੁਲਾਂਕਣ ਅਫਸਰ ਗੁਰਪ੍ਰੀਤ ਸਿੰਘ ਤੇ ਸਬੰਧਤ ਸਬ ਸੈਂਟਰਾਂ ਦੀਆਂ ਐੱਲ.ਐੱਚ.ਵੀਜ਼ ਤੇ ਏ.ਐੱਲ.ਐਮਜ਼ ਹਾਜ਼ਰ ਸਨ।