ਪੰਜਾਬ

ਜ਼ਿਲਾ ਬਰਨਾਲਾ ’ਚ 16409 ਮਰੀਜ਼ਾਂ ਦਾ 14 ਕਰੋੜ ਤੋਂ ਵੱਧ ਦਾ ਮੁਫਤ ਇਲਾਜ : ਡਾ. ਔਲਖ

ਫ਼ੈਕ੍ਟ ਸਮਾਚਾਰ ਸੇਵਾ ਬਰਨਾਲਾ, ਅਗਸਤ 8

ਸਿਹਤ ਵਿਭਾਗ ਵੱਲੋਂ ਸਰਬੱਤ ਸਿਹਤ ਬੀਮਾ ਯੋਜਨਾ ਸਕੀਮ ਅਧੀਨ ਹਰ ਇੱਕ ਲਾਭਪਾਤਰੀ ਪਰਿਵਾਰ ਨੂੰ 5 ਲੱਖ ਤੱਕ ਦਾ ਪ੍ਰਤੀ ਸਾਲ ਮੁਫਤ ਇਲਾਜ ਕਰਵਾਉਣ ਦੀ ਸਹੂਲਤ ਦਿੱਤੀ ਜਾ ਰਹੀ ਹੈ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਇਸ ਸਕੀਮ ਤਹਿਤ ਹੁਣ ਤੱਕ ਜ਼ਿਲਾ ਬਰਨਾਲਾ ਅੰਦਰ 16409 ਮਰੀਜ਼ਾਂ ਦਾ 14 ਕਰੋੜ 11 ਲੱਖ 77 ਹਜ਼ਾਰ ਰੁਪਏ ਦਾ ਮੁਫਤ ਇਲਾਜ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਜ਼ਿਲਾ ਬਰਨਾਲਾ ਸਰਬੱਤ ਸਿਹਤ ਸਕੀਮ ਬੀਮਾ ਅਧੀਨ ਉੱਤਮ ਸੇਵਾਵਾਂ ਦੇਣ ਲਈ ਵਚਨਬੱਧ ਹੈ ਤੇ ਇਨਾਂ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਕਰਨ ਲਈ ਜ਼ਿਲੇ ਦੇ ਸਮੂਹ ਸਰਕਾਰੀ ਹਸਪਤਾਲਾਂ ਦੀ ਸਰਬੱਤ ਸਿਹਤ ਬੀਮਾ ਯੋਜਨਾ ਸਕੀਮ ਅਧੀਨ ਕਲੇਮ ਰਿਵਿਊ ਮੀਟਿੰਗ ਕੀਤੀ ਗਈ।

ਇਸ ਮੌਕੇ ਡਾ. ਔਲਖ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਦੀ ਇੰਸ਼ੋਰੈਂਸ ਕੰਪਨੀ ਦੁਆਰਾ ਇਸ ਸਕੀਮ ਅਧੀਨ ਦਾਖਲ ਹੋਏ ਮਰੀਜ਼ਾਂ ਦੇ ਕਲੇਮਾਂ ਨੂੰ ਕਈ ਵਾਰ ਰਿਜੈਕਟ ਕਰ ਦਿੱਤਾ ਜਾਂਦਾ ਹੈ, ਇਸ ਲਈ ਰਿਜੈਕਟ ਕੀਤੇ ਗਏ ਕਲੇਮਾਂ ਨੂੰ ਮੁੜ ਤੋਂ ਵਿਚਾਰ ਕਰਵਾਉਂਦਿਆ ਕਈ ਕਲੇਮ ਇੰਸ਼ੋਰੈਂਸ ਕੰਪਨੀ ਤੋਂ ਪਾਸ ਕਰਵਾਏ ਗਏ। ਉਨਾਂ ਕਿਹਾ ਕਿ ਇੰਸ਼ੋਰੈਂਸ ਕੰਪਨੀ ਦੁਆਰਾ ਸਰਕਾਰੀ ਹਸਪਤਾਲਾਂ ਦੇ ਕਈ ਕਲੇਮਾਂ ਦੀ ਬਣਦੀ ਰਕਮ ਦੇ ਉਲਟ ਘੱਟ ਰਕਮ ਪਾਈ ਗਈ ਸੀ, ਜੋ ਕਿ ਰੀਵਿਊ ਮੀਟਿੰਗ ਦੌਰਾਨ ਉਨਾਂ ਕੇਸਾਂ ਦੀ ਬਣਦੀ ਰਕਮ ਵੀ ਇੰਸ਼ੋਰੈਂਸ ਕੰਪਨੀ ਤੋਂ ਮਨਜ਼ੂਰ ਕਰਵਾਈ ਗਈ।

ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਇੰਸ਼ੋਰੈਂਸ ਕੰਪਨੀ ਦੁਆਰਾ ਰਿਜੈਕਟ ਕੀਤੇ ਹੋਏ ਕਲੇਮਾਂ ਵਿੱਚੋਂ ਤਕਰੀਬਨ ਚਾਰ ਲੱਖ ਤੋਂ ਜ਼ਿਆਦਾ ਰਕਮ ਦੇ ਕਲੇਮ ਮੌਕੇ ’ਤੇ ਪਾਸ ਕਰਵਾਏ ਗਏ। ਉਨਾਂ ਵੱਲੋਂ ਮੀਟਿੰਗ ਦੌਰਾਨ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਹਦਾਇਤ ਕੀਤੀ ਗਈ ਕਿ ਹਰ ਇੱਕ ਦਾਖਲ ਲਾਭਪਾਤਰੀ ਮਰੀਜ਼ ਦਾ ਸਰਬੱਤ ਸਿਹਤ ਬੀਮਾ ਯੋਜਨਾ ਸਕੀਮ ਤਹਿਤ ਮੁਫ਼ਤ ਇਲਾਜ ਕੀਤਾ ਜਾਵੇ ਤਾਂ ਜੋ ਕੋਈ ਵੀ ਲਾਭਪਾਤਰੀ ਸਕੀਮ ਦੀ ਸਹੂਲਤ ਲੈਣ ਤੋਂ ਵਾਂਝਾ ਨਾ ਰਹੇ।

ਇਸ ਮੌਕੇ ਮੀਟਿੰਗ ਵਿੱਚ ਡਾ. ਗੁਰਮਿੰਦਰ ਕੌਰ ਔਜਲਾ ਡਿਪਟੀ ਮੈਡੀਕਲ ਕਮਿਸ਼ਨਰ ਬਰਨਾਲਾ, ਡਾ. ਤਪਿੰਦਰਜੋਤ ਕੌਸ਼ਲ ਐਸ.ਐਮ.ਓ. ਸਿਵਲ ਹਸਪਤਾਲ ਬਰਨਾਲਾ, ਸੰਦੀਪ ਸਿੰਘ ਜ਼ਿਲਾ ਕੋਆਰਡੀਨੇਟਰ, ਸਮੂਹ ਅਰੋਗਿਆ ਮਿੱਤਰ, ਇੰਸ਼ੋਰੈਂਸ ਕੰਪਨੀ ਨੁਮਾਇੰਦੇ ਹਾਜ਼ਰ ਸਨ।

More from this section