ਦੇਸ਼-ਦੁਨੀਆ

ਭਾਰਤ ਵਿਚ ਅਗਸਤ ਮਹੀਨੇ ਆ ਸਕਦੀ ਹੈ ਬੱਚਿਆਂ ਲਈ ਕੋਰੋਨਾ ਵੈਕਸੀਨ

ਫ਼ੈਕ੍ਟ ਸਮਾਚਾਰ ਸੇਵਾ
ਨਵੀਂ ਦਿੱਲੀ ਜੁਲਾਈ 28
ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਨੂੰ ਲੈ ਕੇ ਵਿਗਿਆਨੀਆਂ ਨੇ ਖ਼ਦਸ਼ਾ ਜਤਾਇਆ ਹੈ ਕਿ ਇਹ ਲਹਿਰ ਬੱਚਿਆਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਇਸ ਦਰਮਿਆਨ ਇਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਜਾਣਕਾਰੀ ਦਿੱਤੀ ਹੈ ਕਿ ਅਗਸਤ ਮਹੀਨੇ ਵਿਚ ਹੀ ਬੱਚਿਆਂ ਨੂੰ ਲੱਗਣ ਵਾਲੀ ਕੋਰੋਨਾ ਵੈਕਸੀਨ ਭਾਰਤ ’ਚ ਆ ਸਕਦੀ ਹੈ। ਕੇਂਦਰੀ ਸਿਹਤ ਮੰਤਰੀ ਨੇ ਇਹ ਸੂਚਨਾ ਮੰਗਲਵਾਰ ਨੂੰ ਭਾਜਪਾ ਦੀ ਸੰਸਦੀ ਦਲ ਦੀ ਬੈਠਕ ਦੌਰਾਨ ਦਿੱਤੀ। ਬੈਠਕ ’ਚ ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਅਗਲੇ ਮਹੀਨੇ ਤੋਂ ਬੱਚਿਆਂ ਨੂੰ ਕੋਵਿਡ-ਓ19 ਦਾ ਟੀਕਾ ਲਾਉਣਾ ਸ਼ੁਰੂ ਕਰ ਦੇਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਛੇਤੀ ਹੀ ਸਭ ਤੋਂ ਵੱਡਾ ਵੈਕਸੀਨ ਉਤਪਾਦਕ ਦੇਸ਼ ਬਣਨ ਜਾ ਰਿਹਾ ਹੈ, ਕਿਉਂਕਿ ਕੰਪਨੀਆਂ ਨੂੰ ਉਤਪਾਦਨ ਲਾਇਸੈਂਸ ਮਿਲੇਗਾ। ਦੱਸ ਦੇਈਏ ਕਿ ਕੋਰੋਨਾ ਦੀ ਦੂਜੀ ਲਹਿਰ ਦਾ ਅਸਰ ਦੇਸ਼ ਵਿਚ ਅਜੇ ਵੀ ਜਾਰੀ ਹੈ ਅਤੇ ਤੀਜੀ ਲਹਿਰ ਨੂੰ ਲੈ ਕੇ ਖ਼ਦਸ਼ਾ ਬਣਿਆ ਹੋਇਆ ਹੈ। ਅਜਿਹੇ ਵਿਚ ਜੇਕਰ ਬੱਚਿਆਂ ਲਈ ਵੈਕਸੀਨ ਆਉਂਦੀ ਹੈ ਤਾਂ ਇਹ ਰਾਹਤ ਭਰੀ ਖ਼ਬਰ ਹੋਵੇਗੀ। ਜ਼ਿਕਰਯੋਗ ਹੈ ਕਿ ਦੇਸ਼ ’ਚ ਹੁਣ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਾਇਆ ਜਾ ਰਿਹਾ ਹੈ। ਕੋਰੋਨਾ ਆਫ਼ਤ ਅਤੇ ਸੰਭਾਵਿਤ ਤੀਜੀ ਲਹਿਰ ਨੂੰ ਵੇਖਦੇ ਹੋਏ ਪਹਿਲਾਂ ਤੋਂ ਹੀ ਬੱਚਿਆਂ ਦੀ ਵੈਕਸੀਨ ਦੀ ਉਡੀਕ ਕੀਤੀ ਜਾ ਰਹੀ ਹੈ। ਦੇਸ਼ ਦੇ ਵੱਖ-ਵੱਖ ਪੱਧਰ ’ਤੇ ਬੱਚਿਆਂ ’ਤੇ ਵੈਕਸੀਨ ਦਾ ਟਰਾਇਲ ਕੀਤਾ ਜਾ ਰਿਹਾ ਹੈ। ਭਾਰਤ ਬਾਇਓਟੈਕ ਦੀ ਕੋਵੈਕਸੀਨ ਦਾ ਟਾਇਰਲ ਵੀ ਚੱਲ ਰਿਹਾ ਹੈ, ਜਿਸ ਦੇ ਫਾਈਨਲ ਨਤੀਜੇ ਅਗਸਤ-ਸਤੰਬਰ ਤੱਕ ਆਉਣ ਦੀ ਉਮੀਦ ਹੈ। ਇਸ ਤੋਂ ਇਲਾਵਾ ਜਾਇਡਸ ਕੈਡਿਲਾ ਵਲੋਂ ਬੱਚਿਆਂ ਦੀ ਵੈਕਸੀਨ ਦਾ ਟਰਾਇਲ ਪੂਰਾ ਹੋ ਗਿਆ ਹੈ, ਅਜਿਹੇ ਵਿਚ ਛੇਤੀ ਹੀ ਇਸ ਨੂੰ ਮਨਜ਼ੂਰੀ ਮਿਲ ਸਕਦੀ ਹੈ। ਦੇਸ਼ ’ਚ ਹੁਣ ਤੱਕ 44.16 ਕਰੋੜ ਦੇ ਕਰੀਬ ਵੈਕਸੀਨ ਲੱਗ ਚੁੱਕੀ ਹੈ। ਜਦਕਿ 9 ਕਰੋੜ ਤੋਂ ਵੱਧ ਲੋਕ ਪੂਰੀ ਤਰ੍ਹਾਂ ਵੈਕਸੀਨੇਟੇਡ ਹੋ ਚੁੱਕੇ ਹਨ। ਦੱਸ ਦੇਈਏ ਕਿ ਏਮਜ਼ (ਨਵੀਂ ਦਿੱਲੀ) ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਵੀ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਦੇਸ਼ ਵਿਚ ਸਤੰਬਰ ਤੱਕ ਬੱਚਿਆਂ ਨੂੰ ਕੋਰੋਨਾ ਦਾ ਟੀਕਾ ਲੱਗਣਾ ਸ਼ੁਰੂ ਹੋ ਸਕਦਾ ਹੈ ਕਿਉਂਕਿ ਜਾਇਡਸ ਕੈਡਿਲ ਨੇ ਬੱਚਿਆਂ ਨੂੰ ਲੱਗਣ ਵਾਲੀ ਵੈਕਸੀਨ ਦਾ ਟਰਾਇਲ ਪੂਰਾ ਕਰ ਲਿਆ ਹੈ। ਹਾਲਾਂਕਿ ਜਾਇਡਸ ਕੈਡਿਲਾ ਦੀ ਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦੀ ਉਡੀਕ ਹੈ।