ਪੰਜਾਬ

ਮੁੱਖ ਮੰਤਰੀ ਚੰਨੀ ਨੇ ਸੋਨੀਆ ਗਾਂਧੀ ਨੂੰ ਕੋਵਿਡ ਸਬੰਧੀ ਤਿਆਰੀਆਂ ਬਾਰੇ ਜਾਣੂੰ ਕਰਵਾਇਆ

ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, ਜਨਵਰੀ 3

ਦੇਸ਼ ਭਰ ਵਿਚ ਕੋਵਿਡ ਕੇਸਾਂ ਵਿਚ ਹਾਲ ਹੀ ਵਿਚ ਹੋਏ ਵਾਧੇ ਉਤੇ ਚਿੰਤਾ ਜ਼ਾਹਰ ਕਰਦੇ ਹੋਏ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕੋਵਿਡ ਮਹਾਮਾਰੀ ਖਾਸ ਕਰਕੇ ਨਵੇਂ ਰੂਪ ਓਮੀਕਰੋਨ ਨਾਲ ਪੈਦਾ ਹੋਈ ਕਿਸੇ ਵੀ ਚੁਣੌਤੀ ਨਾਲ ਨਿਪਟਣ ਲਈ ਪੂਰਨ ਰੂਪ ਵਿਚ ਤਿਆਰੀਆਂ ਕਰਨ ਦੇ ਆਦੇਸ਼ ਦਿੱਤੇ ਹਨ।

ਕਾਂਗਰਸ ਪ੍ਰਧਾਨ ਨੇ ਅੱਗੇ ਕਿਹਾ ਕਿ ਇਸ ਸਬੰਧ ਵਿਚ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਹੋਣੀ ਚਾਹੀਦੀ ਅਤੇ ਕਿਸੇ ਵੀ ਹੰਗਾਮੀ ਸਥਿਤੀ ਦੀ ਸੰਭਾਵਨਾ ਨਾਲ ਕਾਰਗਰ ਢੰਗ ਨਾਲ ਸਿੱਝਣ ਲਈ ਠੋਸ ਯਤਨ ਕੀਤੇ ਜਾਣੇ ਚਾਹੀਦੇ ਹਨ। ਸੋਨੀਆ ਗਾਂਧੀ ਨੂੰ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ ਉਹ ਸਿਹਤ, ਮੈਡੀਕਲ ਸਿੱਖਿਆ ਤੇ ਖੋਜ ਅਤੇ ਹੋਰ ਸਬੰਧਤ ਵਿਭਾਗਾਂ ਨਾਲ ਮੌਜੂਦਾ ਸਥਿਤੀ ਉਤੇ ਨਿਰੰਤਰ ਨਿਗਰਾਨੀ ਰੱਖ ਰਹੇ ਹਨ ਤਾਂ ਕਿ ਸਥਿਤੀ ਗੰਭੀਰ ਹੋਣ ਦੀ ਸੂਰਤ ਵਿਚ ਢੁਕਵਾਂ ਸਿਹਤ ਤੇ ਮੈਡੀਕਲ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਨੇ ਸੋਨੀਆ ਗਾਂਧੀ ਨੂੰ ਇਹ ਵੀ ਦੱਸਿਆ ਕਿ ਕੋਵਿਡ ਤੋਂ ਪ੍ਰਭਾਵਿਤ ਮਰੀਜ਼ਾਂ ਦੇ ਬਿਹਤਰ ਇਲਾਜ ਲਈ ਪ੍ਰਾਇਮਰੀ ਅਤੇ ਸੈਕੰਡਰੀ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਵਿਚ ਪਹਿਲਾਂ ਹੀ ਤੇਜ਼ੀ ਲਿਆਂਦੀ ਜਾ ਚੁੱਕੀ ਹੈ।

ਮੁੱਖ ਮੰਤਰੀ ਚੰਨੀ ਨੇ ਅੱਗੇ ਕਿਹਾ ਕਿ ਸੂਬੇ ਵਿਚ ਸਮੁੱਚੇ ਤੌਰ ਉਤੇ ਸਥਿਤੀ ਕਾਬੂ ਹੇਠ ਹੈ ਅਤੇ ਲੋਕਾਂ ਨੂੰ ਸਿਹਤ ਪ੍ਰੋਟੋਕਾਲ ਦੇ ਮੁਤਾਬਕ ਇਹਤਿਆਦੀ ਕਦਮ ਚੁੱਕਣ ਲਈ ਜਾਣੂੰ ਕਰਵਾਇਆ ਜਾ ਰਿਹਾ ਹੈ ਤਾਂ ਕਿ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਹੰਗਾਮੀ ਸਥਿਤੀ ਪੈਦਾ ਹੋਣ ਉਤੇ ਦਵਾਈਆਂ, ਵੈਂਟੀਲੇਟਰ ਅਤੇ ਆਕਸੀਜਨ ਦੇ ਢੁਕਵੇਂ ਸਟਾਕ ਲਈ ਵੀ ਇੰਤਜ਼ਾਮ ਕੀਤੇ ਜਾ ਰਹੇ ਹਨ। ਸੋਨੀਆ ਗਾਂਧੀ ਨੂੰ ਭਰੋਸਾ ਦਿੰਦੇ ਹੋਏ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਕੋਵਿਡ ਮਹਾਮਾਰੀ ਸਬੰਧੀ ਨਿਰੰਤਰ ਨਿਗਰਾਨੀ ਰੱਖਣ ਲਈ ਮੁੱਖ ਸਕੱਤਰ ਨੂੰ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਰੋਜ਼ਾਨਾ ਰਾਬਤਾ ਕਾਇਮ ਰੱਖਣ ਅਤੇ ਇਸ ਬਾਰੇ ਉਨ੍ਹਾਂ ਨੂੰ ਲਗਾਤਾਰ ਜਾਣੂੰ ਕਰਵਾਉਂਦੇ ਰਹਿਣ ਦੇ ਆਦੇਸ਼ ਦਿੱਤੇ ਹਨ।

Facebook Page: https://www.facebook.com/factnewsnet

See videos: https://www.youtube.com/c/TheFACTNews/videos