ਚੰਡੀਗੜ੍ਹ ਕਾਂਗਰਸ ਦੇ ਬਲਾਕ ਪ੍ਰਧਾਨ ਹਰਜਿੰਦਰ ਸਿੰਘ ਬਾਵਾ ਸਣੇ 9 ਕਾਂਗਰਸੀ ਆਗੂਆਂ ਵਲੋਂ ਅਸਤੀਫਾ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ, ਅਗਸਤ 8

ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਨਜ਼ਦੀਕ ਆਉਣ ’ਤੇ ਕਾਂਗਰਸ ਪਾਰਟੀ ਵਿੱਚ ਚੱਲ ਰਹੇ ਕਾਟੋ-ਕਲੇਸ਼ ਕਾਰਨ ਪਾਰਟੀ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।ਚੰਡੀਗੜ੍ਹ ਕਾਂਗਰਸ ਦੇ ਬਲਾਕ ਪ੍ਰਧਾਨ ਹਰਜਿੰਦਰ ਸਿੰਘ ਬਾਵਾ ਸਣੇ 9 ਕਾਂਗਰਸੀ ਆਗੂਆਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਇਨ੍ਹਾਂ ਵਿੱਚ ਬ੍ਰਿਜ ਮੋਹਨ ਮੀਨਾ, ਸੁਖਬੀਰ ਸਿੰਘ, ਸੁਰਿੰਦਰ ਸਿੰਘ, ਰਾਜਿੰਦਰ ਕੁਮਾਰ, ਗੁਰਦੀਪ ਸਿੰਘ, ਵਰਿੰਦਰ ਪਾਲ, ਰਾਮ ਕ੍ਰਿਸ਼ਨ, ਅਸ਼ੋਕ ਕੁਮਾਰ ਦੇ ਨਾਮ ਸ਼ਾਮਲ ਹਨ। ਜਿਨ੍ਹਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਨਾਮ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਭੇਜਿਆ ਹੈ।

ਚੰਡੀਗੜ੍ਹ ਕਾਂਗਰਸ ਤੋਂ ਅਸਤੀਫ਼ਾ ਦੇਣ ਵਾਲੇ ਕਾਂਗਰਸੀ ਆਗੂਆਂ ਨੇ ਦੋਸ਼ ਲਗਾਇਆ ਕਿ ਕਾਂਗਰਸ ਦੇ ਸੀਨੀਅਰ ਆਗੂ ਪਵਨ ਕੁਮਾਰ ਬਾਂਸਲ ਅਤੇ ਪ੍ਰਧਾਨ ਸੁਭਾਸ਼ ਚਾਵਲਾ ਸੀਨੀਅਰ ਕਾਂਗਰਸੀ ਆਗੂਆਂ ਨਾਲ ਦੁਰ ਵਿਵਹਾਰ ਕਰ ਰਹੇ ਹਨ। ਜਿਸ ਕਾਰਨ ਕਈ ਸੀਨੀਅਰ ਵਰਕਰ ਪਾਰਟੀ ਨੂੰ ਅਲਵਿਦਾ ਕਹਿ ਕੇ ਜਾ ਰਹੇ ਹਨ। ਜਿਕਰਯੋਗ ਹੈ ਕਿ ਲੰਘੇ ਦਿਨ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਦੀਪ ਛਾਬੜਾ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ। ਉਸ ਤੋਂ ਪਹਿਲਾਂ ਕਾਂਗਰਸ ਦੇ ਅੱਧਾ ਦਰਜਨ ਤੋਂ ਵੱਧ ਵਰਕਰਾਂ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਨੇ ਹਾਈਕਮਾਂਡ ਨਾਲ ਵਿਚਾਰ-ਚਰਚਾ ਮਗਰੋਂ 5 ਨਵੇਂ ਬਲਾਕ ਪ੍ਰਧਾਨ ਲਗਾਏ ਗਏ ਹਨ। ਜਿਨ੍ਹਾਂ ਵਿੱਚ ਬਲਾਕ ਨੰਬਰ 12 ਦਾ ਪ੍ਰਧਾਨ ਵਿੱਕੀ ਕਨੌਜੀਆਂ ਨੂੰ, ਬਲਾਕ ਨੰਬਰ-13 ਦਾ ਪ੍ਰਧਾਨ ਇਕਬਾਲ ਸਹੋਤਾ, ਬਲਾਕ ਨੰਬਰ-19 ਤੋਂ ਮਨੋਜ ਕੁਮਾਰ ਗਰਗ, ਬਲਾਕ ਨੰਬਰ-29 ਤੋਂ ਰਾਜਿੰਦਰ ਸਿੰਘ ਰਾਜੂ ਤੇ ਬਲਾਕ ਨੰਬਰ-24 ਤੋਂ ਰਾਜ ਕੁਮਾਰ ਸ਼ਰਮਾ ਨੂੰ ਪ੍ਰਧਾਨ ਚੁਣਿਆ ਗਿਆ ਹੈ। ਚੰਡੀਗੜ੍ਹ ਕਾਂਗਰਸ ਦੇ ਬੁਲਾਰੇ ਸਤੀਸ਼ ਕੈਂਥ ਨੇ ਨਵੇਂ ਪ੍ਰਧਾਨਾਂ ਨੂੰ ਨਿਗਮ ਚੋਣਾਂ ਲਈ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪ੍ਰੇਰਿਆ।

ਇੱਕ ਪਾਸੇ ਕਾਂਗਰਸ ਪਾਰਟੀ ਤੋਂ ਕੁਝ ਵਰਕਰ ਨਾਰਾਜ਼ ਹੋ ਕੇ ਪਾਸਾ ਵੱਟ ਰਹੇ ਹਨ ਤਾਂ ਕੁਝ ਪੁਰਾਣੇ ਕਾਂਗਰਸੀ ਵਰਕਰ ਘਰ ਵਾਪਸੀ ਵੀ ਕਰ ਰਹੇ ਹਨ। ਡਾ. ਓਪੀ ਵਰਮਾ ਭਾਜਪਾ ਨੂੰ ਛੱਡ ਮੁੜ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਜਿਨ੍ਹਾਂ ਨੂੰ ਪਵਨ ਕੁਮਾਰ ਬਾਂਸਲ ਅਤੇ ਪ੍ਰਧਾਨ ਸੁਭਾਸ਼ ਚਾਵਲਾ ਨੇ ਪਾਰਟੀ ਵਿੱਚ ਸ਼ਾਮਲ ਕੀਤਾ।

More from this section