ਹਰਿਆਣਾ

ਹਰਿਆਣਾ ’ਚ ਕਾਰ ਦੇ ਦਰੱਖ਼ਤ ਨਾਲ ਟਕਰਾਉਣ ‘ਤੇ 2 ਦੀ ਮੌਤ

ਫੈਕਟ ਸਮਾਚਾਰ ਸੇਵਾ ਭਿਵਾਨੀ , ਦਸੰਬਰ 2

ਹਰਿਆਣਾ ’ਚ ਚਰਖੀ ਦਾਦਰੀ ਸਥਿਤ ਬੌਂਦਕਲਾਂ ਪਿੰਡ ਨੇੜੇ ਅੱਜ ਇਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਸੜਕ ਕੰਢੇ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ ਵਿਚ ਕਾਰ ਸਵਾਰ 2 ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇਕ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪੁਲਸ ਨੇ ਦੱਸਿਆ ਕਿ ਤਿੰਨ ਦੋਸਤ ਅੱਜ ਸਵੇਰ ਨੂੰ ਕਾਰ ’ਚ ਸਵਾਰ ਹੋ ਕੇ ਰੋਹਤਕ ਜਾ ਰਹੇ ਸਨ। ਇਸ ਦੌਰਾਨ ਜਿਵੇਂ ਹੀ ਉਹ ਦਾਦਰੀ-ਰੋਹਤਕ ਰੋਡ ’ਤੇ ਬੌਂਦਕਲਾਂ ਪਿੰਡ ਨੇੜੇ ਪਹੁੰਚੇ ਤਾਂ ਡਰਾਈਵਰ ਕਾਰ ਤੋਂ ਆਪਣਾ ਕੰਟਰੋਲ ਗਵਾ ਬੈਠਾ।

ਪੁਲਸ ਨੇ ਦੱਸਿਆ ਕਿ ਕਾਰ ਸੜਕ ਕੰਢੇ ਸਫੇਦੇ ਦੇ ਦਰੱਖ਼ਤ ਨਾਲ ਟਕਰਾ ਗਈ। ਹਾਦਸੇ ਵਿਚ ਰੋਹਤਕ ਦੇ ਪਿੰਡ ਬੋਹਰ ਖੇੜੀ ਵਾਸੀ ਰਾਹੁਲ , ਰੋਹਤਕ ਸ਼ਹਿਰ ਦੇ ਸੈਕਟਰ-2 ਵਾਸੀ ਅਤੁਲ ਅਤੇ ਸੋਨੀਪਤ ਦੇ ਕਥੁਰਾ ਵਾਸੀ ਵਿਕਾਸ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਰਾਹੀਗਰਾਂ ਨੇ ਪੁਲਸ ਦੀ ਮਦਦ ਨਾਲ ਪੀ. ਜੀ. ਆਈ. ਰੋਹਤਕ ਪਹੁੰਚਾਇਆ ਪਰ ਇਲਾਜ ਦੌਰਾਨ ਰਾਹੁਲ ਅਤੇ ਵਿਕਾਸ ਦੀ ਮੌਤ ਹੋ ਗਈ, ਜਦਕਿ ਅਤੁਲ ਦਾ ਇਲਾਜ ਚੱਲ ਰਿਹਾ ਹੈ।