ਨਜ਼ਰੀਆ

ਕੀ ਨਵਜੋਤ ਸਿੱਧੂ ਕੇਜਰੀਵਾਲ ਤੋਂ ‘ਬਦਲਾ’ ਲੈ ਕੇ ਕਿਸੇ ਦੀ ਮੰਗ ਪੂਰੀ ਕਰਵਾ ਸਕਦੇ ਹਨ ?

ਬਿਕਰਮਜੀਤ ਸਿੰਘ ਗਿੱਲ
ਦਸੰਬਰ 5

ਅੱਜਕੱਲ ਚੋਣਾਂ ਦਾ ਮਾਹੌਲ ਚੱਲ ਰਿਹਾ ਹੈ ਅਤੇ ਅਜਿਹੇ ਵਿਚ ਕੋਈ ਵੀ ਸਿਆਸੀ ਲੀਡਰ ਆਪਣੇ ਵਿਰੋਧਆਂ ਨੂੰ ਭੰਡਨ ਦਾ ਕੋਈ ਵੀ ਮੌਕਾ ਨਹੀਂ ਗਵਾਉਣਾ ਚਾਹੁੰਦਾ। ਇਸੇ ਤਹਿਤ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਜਿਵੇਂ ਹੀ ਪਤਾ ਲੱਗਾ ਕਿ ਦਿੱਲੀ ਵਿਚ ਗੈਸਟ ਟੀਚਰ ਕੇਜਰੀਵਾਲ ਵਿਰੁਧ ਪ੍ਰਦਰਸ਼ਨ ਕਰਨਗੇ ਤਾਂ ਸਿੱਧੂ ਸਾਬ ਤੁਰਤ ਪੰਜਾਬ ਛੱਡ ਕੇ ਦਿੱਲੀ ਪੁੱਜ ਗਏ ਅਤੇ ਜਾ ਸ਼ਾਮਲ ਹੋਏ ਦਿੱਲੀ ਦੇ ਗੈਸਟ ਟੀਚਰਾਂ ਦੇ ਧਰਨੇ ਵਿਚ।

ਇਥੇ ਤਾਂ ਇਵੇਂ ਹੋ ਰਿਹਾ ਹੈ ਕਿ ਪੰਜਾਬ ਦੇ ਲੀਡਰ ਦਿੱਲੀ ਦੇ ਮਸਲੇ ਹੱਲ ਕਰਨ ਦੇ ਦਾਅਵੇ ਕਰ ਰਹੇ ਹਨ ਅਤੇ ਦਿੱਲੀ ਦੇ ਆਗੂ ਪੰਜਾਬ ਆ ਕੇ ਲੋਕਾਂ ਨੂੰ ਮੰਗਾਂ ਪੂਰੀਆਂ ਕਰਵਾਉਣ ਦੇ ਦਾਅਵੇ ਕਰ ਰਹੇ ਹਨ।

ਹੋਣਾ ਤਾਂ ਇਹ ਚਾਹੀਦਾ ਸੀ ਕਿ ਪਹਿਲਾਂ ਆਪਣੇ ਆਪਣੇ ਸੂਬਿਆਂ ਨੂੰ ਸਾਂਭਿਆ ਜਾਂਦਾ ਫਿਰ ਹੋਰਾਂ ਵਲ ਧਿਆਨ ਦਿਤਾ ਜਾ ਸਕਦਾ ਸੀ। ਪਰ ਇਥੇ ਤਾਂ ਇਕ ਦੂਜੇ ਤੋਂ ਬਦਲਾ ਲਿਆ ਜਾ ਰਿਹਾ ਲੱਗ ਰਿਹਾ ਹੈ। ਸਥਿਤੀ ਸਾਫ਼ ਨਜ਼ਰ ਆ ਰਹੀ ਹੈ ਕਿ ਇਸ ਵਿਚ ਭਲਾ ਕਿਸੇ ਦਾ ਹੋਵੇ ਜਾਂ ਨਾ ਹੋਵੇ, ਸਿਆਸਤ ਜਰੂਰ ਜ਼ੋਰਦਾਰ ਤਰੀਕੇ ਨਾਲ ਹੋ ਰਹੀ ਹੈ।

ਦਰਅਸਲ ਦਿੱਲੀ ਸਰਕਾਰ ਦੇ ਗੈਸਟ ਟੀਚਰਾਂ ਨੇ ਪੱਕੀ ਨੌਕਰੀ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਇਸ ਧਰਨੇ ਵਿੱਚ ਸ਼ਾਮਲ ਹੋਣ ਕਾਰਨ ਸਿਆਸੀ ਪਾਰਾ ਚੜ੍ਹ ਗਿਆ ਹੈ।

ਦੱਸ ਦੇਈਏ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਰਹੇ 22000 ਤੋਂ ਵੱਧ ਗੈਸਟ ਟੀਚਰ ਪਿਛਲੇ 7 ਸਾਲਾਂ ਤੋਂ ਪੱਕੇ ਹੋਣ ਦੀ ਉਡੀਕ ਕਰ ਰਹੇ ਹਨ। ਇਸ ਦੌਰਾਨ ਸਿੱਧੂ ਨੇ ਪੁੱਛਿਆ ਕਿ ਅਰਵਿੰਦ ਕੇਜਰੀਵਾਲ ਕਿੱਥੇ ਹਨ? ਦਿੱਲੀ ਵਿੱਚ 22 ਹਜ਼ਾਰ ਗੈਸਟ ਟੀਚਰਾਂ ਨੂੰ ਬੰਧੂਆ ਮਜ਼ਦੂਰਾਂ ਵਾਂਗ ਕੰਮ ਕਰਨ ਲਈ ਬਣਾਇਆ ਜਾ ਰਿਹਾ ਹੈ। ਜਦੋਂਕਿ ਵਿਕਾਸ ਦਰ ਦਰੁਸਤ ਨੀਤੀ ਬਣਾ ਕੇ ਹੋਣੀ ਚਾਹੀਦੀ ਹੈ ਪਰ ਕੇਜਰੀਵਾਲ ਨੇ ਭਰਮ ਪੈਦਾ ਕਰ ਦਿੱਤਾ ਹੈ। ਮੈਂ ਉਨ੍ਹਾਂ ਦੇ ਰੇਤ ਦੇ ਕਿਲ੍ਹੇ ਨੂੰ ਤੋੜਨ ਲਈ ਜਾਵਾਂਗਾ।

ਇਸ ਦੇ ਨਾਲ ਉਨ੍ਹਾਂ ਨੇ ਟਵੀਟ ਕੀਤਾ ਅਤੇ ਲਿਖਿਆ, ‘ਦਿੱਲੀ ਦਾ ਸਿੱਖਿਆ ਮਾਡਲ ਇਕ ਕੰਟਰੈਕਟ ਮਾਡਲ ਹੈ। ਦਿੱਲੀ ਵਿੱਚ 1031 ਸਰਕਾਰੀ ਸਕੂਲ ਹਨ। ਜਦੋਂ ਕਿ ਸਿਰਫ਼ 196 ਸਕੂਲਾਂ ਵਿੱਚ ਹੀ ਪ੍ਰਿੰਸੀਪਲ ਹਨ। ਇਸ ਦੇ ਨਾਲ ਹੀ ਅਧਿਆਪਕਾਂ ਦੀਆਂ 45 ਫੀਸਦੀ ਅਸਾਮੀਆਂ ਖਾਲੀ ਹਨ ਅਤੇ 22000 ਗੈਸਟ ਟੀਚਰਾਂ ਦੀ ਮਦਦ ਨਾਲ ਦਿਹਾੜੀ ਦੇ ਕੇ ਸਰਕਾਰੀ ਸਕੂਲ ਚਲਾਏ ਜਾ ਰਹੇ ਹਨ। ਇਕਰਾਰਨਾਮਾ ਹਰ 15 ਦਿਨਾਂ ਬਾਅਦ ਨਵਿਆਇਆ ਜਾਂਦਾ ਹੈ।

ਦਰਅਸਲ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੱਤ ਸਾਲ ਪਹਿਲਾਂ ਸਾਰੇ ਗੈਸਟ ਟੀਚਰਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ। ਇਸ ਦੇ ਨਾਲ ਹੀ ਪੰਜਾਬ ਵਿੱਚ ਆਰਜ਼ੀ ਅਧਿਆਪਕਾਂ ਨੂੰ ਪੱਕੇ ਕਰਨ ਦੇ ਅਰਵਿੰਦ ਕੇਜਰੀਵਾਲ ਦੇ ਬਿਆਨ ਤੋਂ ਬਾਅਦ ਦਿੱਲੀ ਦੇ ਗੈਸਟ ਟੀਚਰਾਂ ਵਿੱਚ ਇੱਕ ਵਾਰ ਫਿਰ ਆਸ ਬੱਝ ਗਈ ਹੈ। ਹਾਲ ਹੀ ‘ਚ ਕੇਜਰੀਵਾਲ ਨੇ ਪੰਜਾਬ ਪਹੁੰਚ ਕੇ ਅਧਿਆਪਕਾਂ ਨਾਲ ਧਰਨਾ ਦਿੱਤਾ। ਉਨ੍ਹਾਂ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਅਧਿਆਪਕਾਂ ਨੂੰ ਪੱਕੇ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ‘ਆਪ’ ਅਤੇ ਕਾਂਗਰਸ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ।ਇੰਨਾ ਹੀ ਨਹੀਂ ਦਿੱਲੀ ਦੇ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਉਨ੍ਹਾਂ ਦੀ ਕਾਰਜਸ਼ੈਲੀ ਨੂੰ ਲੈ ਕੇ ਲਗਾਤਾਰ ਹਮਲੇ ਕਰ ਰਹੇ ਹਨ।

ਅਸਲ ਵਿਚ ਹੋਣਾ ਕੁੱਝ ਹੋਰ ਚਾਹੀਦਾ ਸੀ ਹੋ ਕੁੱਝ ਹੋਰ ਰਿਹਾ ਹੈ। ਪਹਿਲਾਂ ਤਾਂ ਕੇਜਰੀਵਾਲ ਆਪਣੇ ਦਿੱਲੀ ਦੇ ਅਧਿਆਪਕਾਂ ਦੀਆਂ ਮੰਗਾਂ ਪੂਰੀਆਂ ਕਰਨ ਫਿਰ ਪੰਜਾਬ ਆਉਣ । ਇਸੇ ਤਰ੍ਹਾਂ ਸਿੱਧੂ ਸਾਬ ਵੀ ਪਹਿਲਾਂ ਪੰਜਾਬ ਵਿਚ ਡੰਡੇ ਖਾ ਰਹੇ ਅਧਿਆਪਕਾਂ ਦੀ ਸੁਣਨ ਫਿਰ ਦਿੱਲੀ ਦੇ ਅਧਿਆਪਕਾਂ ਦੇ ਧਰਨੇ ਵਿਚ ਸ਼ਾਮਲ ਹੋਣ। ਜੋ ਹੋ ਰਿਹਾ ਹੈ ਉਹ ਤਾਂ ਸਾਫ ਸਾਫ ਬਦਲੇ ਦੀ ਰਾਜਨੀਤੀ ਹੀ ਨਜ਼ਰ ਆ ਰਹੀ ਹੈ।

Facebook Page: https://www.facebook.com/factnewsnet

See videos:https://www.youtube.com/c/TheFACTNews/videos