ਪੰਜਾਬ

ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਚੱਕ ਸਾਧੂ ਤੋਂ ਚੱਗਰਾਂ ਤੱਕ 10.45 ਕਿਲੋਮੀਟਰ ਸੜਕ ਨੂੰ ਚੌੜਾ ਕਰਨ ਦੇ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂਆਤ

ਫ਼ੈਕ੍ਟ ਸਮਾਚਾਰ ਸੇਵਾ ਹੁਸ਼ਿਆਰਪੁਰ, ਸਤੰਬਰ 5

ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਦੇ ਹੋਏ ਊਨਾ ਰੋਡ ’ਤੇ ਪੈਂਦੇ ਪਿੰਡ ਚੱਕ ਸਾਧੂ ਤੋਂ ਚੰਡੀਗੜ੍ਹ ਰੋਡ ’ਤੇ ਪੈਂਦੇ ਪਿੰਡ ਚੱਗਰਾਂ ਤੱਕ 10.45 ਕਿਲੋਮੀਟਰ ਲੰਬੀ ਸੜਕ ਦੀ ਚੌੜਾਈ ਮੌਜੂਦਾ 10 ਫੁੱਟ ਤੋਂ 18 ਫੁੱਟ ਕੀਤੀ ਜਾ ਰਹੀ ਹੈ, ਜਿਸ ਨਾਲ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਵਾਹਨਾਂ ਅਤੇ ਆਵਾਜਾਈ ਨੂੰ ਵੱਡੀ ਰਾਹਤ ਮਿਲੇਗੀ। ਉਹ ਅੱਜ ਪਿੰਡ ਚੱਕ ਸਾਧੂ ਵਿਚ 8.45 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦੀ ਸ਼ੁਰੂਆਤ ਕਰਵਾਉਂਦੇ ਹੋਏ ਨੀਂਹ ਪੱਥਰ ਰੱਖਣ ਦੌਰਾਨ ਇਲਾਕਾ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ ਵੀ ਮੌਜੂਦ ਸਨ।

ਉਦਯੋਗ ਤੇ ਵਣਜ ਮੰਤਰੀ ਨੇ ਦੱਸਿਆ ਕਿ ਪਿੰਡ ਚੱਕ ਸਾਧੂ ਤੋਂ ਸ਼ੁਰੂ ਹੋ ਕੇ ਇਹ ਸੜਕ ਪਿੰਡ ਮੰਨਣ, ਬਸੀ ਹਸਤ ਖਾਂ ਹੁੰਦੀ ਹੋਈ ਮਲਮਜ਼ਾਰਾਂ, ਬਹਾਦੁਰਪੁਰ ਬਾਹੀਆਂ ਤੋਂ ਹੁੰਦੀ ਹੋਈ ਚੰਡੀਗੜ੍ਹ ਰੋਡ ’ਤੇ ਪੈਂਦੇ ਪਿੰਡ ਚੱਗਰਾਂ ਵਿਚ ਨਿਕਲੇਗੀ, ਜਿਸ ਨਾਲ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੀ ਆਵਾਜਾਈ ਨੂੰ ਵੀ ਵੱਡਾ ਫਾਇਦਾ ਪਹੁੰਚੇਗਾ। ਉਨ੍ਹਾਂ ਦੱਸਿਆ ਕਿ ਭਵਿੱਖ ਦੀਆਂ ਜ਼ਰੂਰਤਾਂ ਦੇ ਮੱਦੇਨਜ਼ਰ ਇਸ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਗਿਆ ਹੈ ਜੋ ਕਿ ਸ਼ਹਿਰ ਵਿਚ ਆਉਣ ਵਾਲੇ ਵੱਡੇ ਟਰੈਫਿਕ ਨੂੰ ਬਾਹਰ ਤੋਂ ਹੀ ਚੰਡੀਗੜ੍ਹ ਰੋਡ ਲਈ ਤਬਦੀਲ ਕਰ ਦੇਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੁਸ਼ਿਆਰਪੁਰ ਵਿਧਾਨ ਸਭਾ ਖੇਤਰ ਵਿਚ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ 14 ਸੜਕਾਂ ਦੀ ਮੁਰੰਮਤ ਅਤੇ ਨਵੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ, ਜਿਸ ਵਿਚ 1.53 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀਆਂ ਸੜਕਾਂ ਦੇ ਟੈਂਡਰ ਲੱਗ ਚੁੱਕੇ ਹਨ ਅਤੇ 3.22 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀਆਂ ਸੜਕਾਂ ਦੇ ਪ੍ਰਸਤਾਵ ਮਨਜ਼ੂਰੀ ਅਧੀਨ ਹਨ।

ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਕੈਪਟਨ ਕਰਮ ਚੰਦ, ਸਰਪੰਚ ਕੁਲਦੀਪ ਅਰੋੜਾ, ਬਲਾਕ ਸੰਮਤੀ ਮੈਂਬਰ ਡਾ. ਕੁਲਦੀਪ ਸਿੰਘ, ਸਰਪੰਚ ਰਾਜ ਕੁਮਾਰ, ਐਕਸੀਅਨ ਰਜਿੰਦਰ ਸਿੰਘ, ਐਸ.ਡੀ.ਓ. ਦੀਦਾਰ ਸਿੰਘ, ਬਾਬਾ ਬਿਸ਼ਨ ਦਾਸ, ਪੰਚ ਜੋਗਿੰਦਰ ਪਾਲ, ਸਰਪੰਚ ਰਾਜ ਰਾਣੀ, ਸਾਬਕਾ ਸਰਪੰਚ ਰਾਮ ਜੀ ਦਾਸ, ਸਰਪੰਚ ਅਮਰਜੀਤ ਸਿੰਘ ਪੱਪੂ, ਸਰਪੰਚ ਕਮਲ ਕੁਮਾਰ, ਸਰਪੰਚ ਐਡਵੋਕੇਟ ਨਵਜਿੰਦਰ ਸਿੰਘ ਬੇਦੀ, ਸਰਪੰਚ ਸੰਦੀਪ ਕੌਰ, ਗੁਰਵਿੰਦਰ ਸਿੰਘ, ਸਾਬਕਾ ਸਰਪੰਚ ਜੁਗਲ ਕਿਸ਼ੋਰ, ਗੁਰਮੁਖ ਸਿੰਘ, ਨਰਿੰਦਰ ਸਿੰਘ ਬਾਜਵਾ, ਨੰਬਰਦਾਰ ਕਲਵਿੰਦਰ ਕੁਮਾਰ ਬਿੰਦੀ, ਹਰਮੇਸ਼ ਖੜਕਾਂ ਅਤੇ ਵਰੁਣ ਸ਼ਰਮਾ ਵੀ ਮੌਜੂਦ ਸਨ।