ਚੰਡੀਗੜ੍ਹ ਦੇ ਸੈਕਟਰ-45 ਵਿਚ ਗੰਦਗੀ ਦੀ ਭਰਮਾਰ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ, ਜੁਲਾਈ 21

ਸੈਕਟਰ-45 ਸਥਿਤ ਬੁੜੈਲ ਵਿੱਚ ਲੰਘੇ ਦਿਨ ਨੀਂਹ ਪੱਥਰ ਸਮਾਗਮ ਦੌਰਾਨ ਕਰਵਾਈ ਗਈ ਸਫ਼ਾਈ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਤੇ ਇਸ ਸਮਾਗਮ ਦੇ ਦੂਜੇ ਦਿਨ ਅੱਜ ਮੁੜ ਕੂੜੇ ਦੇ ਢੇਰ ਲੱਗ ਗਏ ਹਨ।

ਇਲਾਕੇ ਵਾਸੀ ਇਸ ਪ੍ਰੋਗਰਾਮ ਨੂੰ ਲੈਕੇ ਕੀਤੀ ਗਈ ਸਫ਼ਾਈ ਕਾਰਨ ਨਿਗਮ ਦੀ ਫੁਰਤੀ ਦੇਖ ਕੇ ਹੈਰਾਨ ਸਨ। ਇਲਾਕਾ ਵਾਸੀਆਂ ਨੇ ਕਿਹਾ ਕਿ ਨਗਰ ਨਿਗਮ ਦੇ ਸੈਨੀਟੇਸ਼ਨ ਵਿਭਾਗ ਵੱਲੋਂ ਨੀਂਹ ਪੱਥਰ ਵਾਲੇ ਸਮਾਗਮ ਸਥਾਨ ਦੇ ਆਲੇ-ਦੁਆਲੇ ਸਫ਼ਾਈ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ ਪਰ ਉਦਘਾਟਨ ਦੇ ਦੂਜੇ ਦਿਨ ਨਿਗਮ ਦੇ ਸਫ਼ਾਈ ਪ੍ਰਬੰਧਾਂ ਦੇ ਮੁੜ ਪੋਲ ਖੁੱਲ੍ਹ ਗਈ ਹੈ। ਨਿਗਮ ਵੱਲੋਂ ਲੰਘੇ ਦਿਨ ਕੀਤੀ ਗਈ ਸਫ਼ਾਈ ਤੋਂ ਬਾਅਦ ਅੱਜ ਮੁੜ ਤੋਂ ਪਹਿਲਾਂ ਵਾਂਗ ਗੰਦਗੀ ਅਤੇ ਕੂੜੇ ਦੇ ਢੇਰ ਲੱਗ ਗਏ ਅਤੇ ਨਿਗਮ ਦੀ ਕਾਰਜ ਪ੍ਰਣਾਲੀ ਜੱਗ ਜ਼ਾਹਿਰ ਹੋ ਗਈ।

ਚੰਡੀਗੜ੍ਹ ਕਾਂਗਰਸ ਦੇ ਨੇਤਾ ਸੁਨੀਲ ਯਾਦਵ ਨੇ ਕਿਹਾ ਕਿ ਉਦਘਾਟਨ ਤੋਂ ਬਾਅਦ ਮੁੜ ਤੋਂ ਪਿੰਡ ਬੁੜੈਲ ਸਮੇਤ ਸੈਕਟਰ-45 ਵਿੱਚ ਜਨਤਕ ਥਾਵਾਂ ’ਤੇ ਪਹਿਲਾਂ ਵਾਂਗ ਹੀ ਕੂੜੇ ਦੇ ਢੇਰ ਲੱਗ ਗਏ ਹਨ ਜਦੋਂ ਕਿ ਨਿਗਮ ਨੇ ਇਥੇ ਮੇਅਰ ਦੇ ਪ੍ਰੋਗਰਾਮ ਨੂੰ ਲੈ ਕੇ ਦਿਖਾਵਾ ਕਰਨ ਲਈ ਇਸ ਇਲਾਕੇ ਵਿੱਚ ਸਫ਼ਾਈ ਕਰਵਾਈ ਸੀ। ਉਨ੍ਹਾਂ ਇਸ ਗੱਲ ’ਤੇ ਦੁੱਖ ਜ਼ਾਹਿਰ ਕੀਤਾ ਕਿ ਪਿੰਡ ਬੁੜੈਲ ਅਤੇ ਸੈਕਟਰ-45 ਸ਼ਹਿਰ ਦਾ ਮਿਨੀ ਡੰਪਿੰਗ ਗਰਾਊਂਡ ਬਣਦਾ ਜਾ ਰਿਹਾ ਹੈ ਤੇ ਨਿਗਮ ਅਧਿਕਾਰੀ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਕੇ ਵਾਹੋ-ਵਾਹੀ ਖੱਟਣ ਵਿੱਚ ਮਸ਼ਗੂਲ ਹਨ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ ਥਾਂ ਥਾਂ ’ਤੇ ਲੱਗੇ ਗੰਦਗੀ ਅਤੇ ਰੂੜੀਆਂ ਨੂੰ ਲੈਕੇ ਇਲਾਕਾ ਵਾਸੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਆ ਰਹੇ ਹਨ ਪਰ ਠੋਸ ਕਾਰਵਾਈ ਨਹੀਂ ਹੋ ਰਹੀ।

ਬੁੜੈਲ ਦੀ ਨਿਊ ਏਕਤਾ ਮਾਰਕੀਟ ਸ਼ਾਪਕੀਪਰਸਜ਼ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਨ ਕਪਿਲ ਨੇ ਕਿਹਾ ਕਿ ਲੰਘੇ ਦਿਨ ਪਿੰਡ ਬੁੜੈਲ ਵਿੱਚ ਨੀਂਹ ਪੱਥਰ ਰੱਖਣ ਨੂੰ ਲੈਕੇ ਕੀਤੇ ਗਏ ਸਮਾਗਮ ਦੌਰਾਨ ਪੁਲੀਸ ਨੇ ਸੁਰੱਖਿਆ ਦੇ ਨਾਮ ’ਤੇ ਲਗਪਗ ਅੱਧੀ ਮਾਰਕੀਟ ਦੀਆਂ ਦੁਕਾਨਾਂ ਨੂੰ ਬੰਦ ਕਰਵਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪੁਲੀਸ ਵਲੋਂ ਸ਼ਾਮ ਨੂੰ ਕਾਰੋਬਾਰ ਦੇ ਸਮੇਂ ਮਾਰਕੀਟ ਨੂੰ ਬੰਦ ਕਰਵਾ ਕੇ ਇਥੋਂ ਦੇ ਦੁਕਾਨਦਾਰਾਂ ਨਾਲ ਕਥਿਤ ਤੌਰ ’ਤੇ ਧੱਕਾ ਕੀਤਾ ਗਿਆ ਹੈ।

More from this section