ਮੀਂਹ ਕਾਰਨ ਨਾਗਲ ਡਰੇਨ ਟੁੱਟਣ ਕਾਰਨ ਸੈਂਕੜੇ ਏਕੜ ਫਸਲ ਵਿੱਚ ਵੜਿਆ ਪਾਣੀ

ਫ਼ੈਕ੍ਟ ਸਮਾਚਾਰ ਸੇਵਾ ਯਮੁਨਾਨਗਰ, ਜੁਲਾਈ 14

ਪ੍ਰਤਾਪ ਨਗਰ (ਖਿਜ਼ਰਾਬਾਦ) ਵਿੱਚ ਤੇਜ਼ ਬਾਰਿਸ਼ ਹੋਣ ਨਾਲ ਨਾਗਲ ਡਰੇਨ ਟੁੱਟ ਗਈ ਜਿਸ ਕਰਕੇ ਸੈਂਕੜੇ ਏਕੜ ਖੜੀ ਫਸਲ ਵਿੱਚ ਪਾਣੀ ਵੜ ਗਿਆ। ਇਸ ਦੇ ਨਾਲ ਹੀ ਡਰੇਨ ਨਾਲ ਲੱਗਦੇ ਕਿਸ਼ਨਪੁਰਾ, ਅਰਾਈਆਂਵਾਲਾ, ਬਹਾਦਰਪੁਰ, ਨਾਗਲ ਸਮੇਤ ਹੋਰ ਕਈ ਪਿੰਡਾਂ ਦੇ ਹੇਠਲੇ ਇਲਾਕਿਆਂ ਅਤੇ ਸੜਕਾਂ ਵਿੱਚ ਪਾਣੀ ਭਰ ਗਿਆ ਅਤੇ ਲੋਕਾਂ ਨੂੰ ਆਵਾਜਾਈ ਵਿੱਚਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ । ਪ੍ਰਤਾਪ ਨਗਰ ਵਿੱਚ ਤਾਂ ਕਈ ਦੁਕਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ।

ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਥਿਤੀ ਦਾ ਜ਼ਾਇਜਾ ਲਿਆ, ਡਰੇਨ ਦੀ ਸਫਾਈ ਸ਼ੁਰੂ ਕਰਵਾਈ ਅਤੇ ਦੱਸਿਆ ਕਿ ਪ੍ਰਤਾਪ ਨਗਰ ਖੇਤਰ ਵਿੱਚ ਹੁਣ ਤੱਕ ਲਗਭਗ 55 ਐਮਐਮ ਬਾਰਿਸ਼ ਹੋਈ ਹੈ ਅਤੇ ਅਜੇ ਵੀ ਬਾਰਿਸ਼ ਜਾਰੀ ਹੈ।

ਪ੍ਰਭਾਵਿਤ ਕਿਸਾਨਾਂ ਰਘੁਬੀਰ ਸਿੰਘ, ਪੰਕਜ, ਬ੍ਰਹਮਜੀਤ ਅਤੇ ਰਾਹੁਲ ਦਾ ਕਹਿਣਾ ਹੈ ਕਿ ਕਈ ਸਾਲ ਪਹਿਲਾਂ ਸਿੰਜਾਈ ਵਿਭਾਗ ਨੇ ਖਿਜਰੀ ਦੇ ਜੰਗਲ ਅਤੇ ਲਗਦੇ ਖੇਤਰਾਂ ਵਿੱਚ ਪਾਣੀ ਦੀ ਨਿਕਾਸੀ ਲਈ ਇਹ ਡਰੇਨ ਬਣਾਈ ਸੀ ਪਰ ਡਰੇਨ ਦੀ ਮੁਰੰਮਤ ਤੇ ਸਫਾਈ ਸਮੇਂ ’ਤੇ ਨਾ ਕਰਵਾਉਣ ਕਰਕੇ ਇਹ ਓਵਰਫਲੋਅ ਹੋ ਕੇ ਚਾਂਦਪੁਰ ਅਤੇ ਨਾਗਲ ਪਿੰਡ ਲਾਗੇ ਟੁੱਟ ਗਈ ਜਿਸ ਕਰਕੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਇਸ ਡਰੇਨ ਦਾ ਹੀ ਪਾਣੀ ਪਾਉਂਟਾ ਸਾਹਿਬ ਹਾਈਵੇਅ ’ਤੇ ਵੀ ਭਰ ਗਿਆ ਜਿਸ ਕਰਕੇ ਵਾਹਨਾਂ ਦੀ ਲੰਬੀਆਂ ਕਤਾਰਾਂ ਲੱਗ ਗਈਆਂ। ਕਈ ਵਾਹਨ ਚਾਲਕਾਂ ਨੇ ਡੂੰਘੇ ਪਾਣੀ ਵਿੱਚੋਂ ਅਪਣੇ ਵਾਹਨ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਮਨ੍ਹਾਂ ਕੀਤਾ ।

More from this section