ਫ਼ਿਲਮੀ ਗੱਲਬਾਤ

ਬਠਿੰਡਾ ਦੇ ਵਿਅਕਤੀ ਨੇ ਕੰਗਨਾ ਰਣੌਤ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਨਵੰਬਰ 30

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੀਆਂ ਫਿਲਮਾਂ ਤੋਂ ਇਲਾਵਾ ਵਿਵਾਦਿਤ ਬਿਆਨਾਂ ਕਾਰਨ ਕਾਫੀ ਸੁਰਖੀਆਂ ‘ਚ ਰਹਿੰਦੀ ਹੈ। ਫਿਲਮ ਇੰਡਸਟਰੀ ਦੇ ਅੰਦਰੂਨੀ ਮਾਮਲਿਆਂ ਤੋਂ ਲੈ ਕੇ ਦੇਸ਼ ਦੇ ਲਗਪਗ ਹਰ ਮੁੱਦੇ ‘ਤੇ ਕੰਗਨਾ ਆਪਣੀ ਬੇਬਾਕ ਰਾਏ ਦਿੰਦੀ ਹੈ। ਅਦਾਕਾਰਾ ਖਿਲਾਫ਼ ਵੱਖ-ਵੱਖ ਮਾਮਲਿਆਂ ‘ਚ ਮਾਮਲੇ ਵੀ ਦਰਜ ਹਨ, ਹੁਣ ਇਸ ਦੌਰਾਨ ਕੰਗਨਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਹਨ, ਜਿਸ ਦਾ ਖੁਲਾਸਾ ਖੁਦ ਅਦਾਕਾਰਾ ਨੇ ਆਪਣੀ ਪੋਸਟ ਰਾਹੀਂ ਕੀਤਾ ਹੈ। ਕੰਗਨਾ ਨੇ ਆਪਣੀ ਪੋਸਟ ਵਿਚ ਇਹ ਵੀ ਦੱਸਿਆ ਹੈ ਕਿ ਅਦਾਕਾਰਾ ਨੇ ਇਸ ਮਾਮਲੇ ਵਿਚ ਐਫਆਈਆਰ ਦਰਜ ਕਰਵਾਈ ਹੈ, ਜਦਕਿ ਸੋਨੀਆ ਗਾਂਧੀ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਉੱਤੇ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦੇਣ।

ਕੰਗਨਾ ਨੇ ਆਪਣੀ ਪੋਸਟ ‘ਚ ਲਿਖਿਆ ਕਿ ‘ਮੁੰਬਈ ‘ਚ ਹੋਏ ਅੱਤਵਾਦੀ ਹਮਲੇ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਮੈਂ ਲਿਖਿਆ ਕਿ ਗੱਦਾਰਾਂ ਨੂੰ ਨਾ ਕਦੇ ਮਾਫ ਕਰੋ ਅਤੇ ਨਾ ਹੀ ਭੁੱਲੋ। ਇਸ ਤਰ੍ਹਾਂ ਦੀ ਘਟਨਾ ਵਿਚ ਦੇਸ਼ ਦੇ ਅੰਦਰੂਨੀ ਗੱਦਾਰਾਂ ਦਾ ਹੱਥ ਹੈ। ਦੇਸ਼ ਧ੍ਰੋਹੀ ਗੱਦਾਰਾਂ ਨੇ ਕਦੇ ਪੈਸੇ ਦੇ ਲਾਲਚ ਵਿਚ ਅਤੇ ਕਦੇ ਅਹੁਦੇ ਅਤੇ ਸੱਤਾ ਦੇ ਲਾਲਚ ਵਿਚ ਭਾਰਤ ਮਾਤਾ ਨੂੰ ਦਾਗਦਾਰ ਕਰਨ ਦਾ ਇਕ ਵੀ ਮੌਕਾ ਨਹੀਂ ਛੱਡਿਆ, ਜੈਚੰਦ ਅਤੇ ਦੇਸ਼ ਅੰਦਰਲੇ ਗੱਦਾਰ ਸਾਜ਼ਿਸ਼ਾਂ ਰਚ ਕੇ ਦੇਸ਼ ਵਿਰੋਧੀ ਤਾਕਤਾਂ ਦੀ ਮਦਦ ਕਰਦੇ ਰਹੇ, ਤਾਂ ਹੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ।

ਕੰਗਨਾ ਨੇ ਕਿਹਾ ਕਿ ਮੇਰੀ ਇਸ ਪੋਸਟ ‘ਤੇ ਵਿਘਨ ਪਾਉਣ ਵਾਲੀਆਂ ਤਾਕਤਾਂ ਵੱਲੋਂ ਮੈਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਬਠਿੰਡਾ ਦੇ ਇਕ ਵਿਅਕਤੀ ਨੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ। ਮੈਂ ਇਸ ਕਿਸਮ ਦੇ ਗਿੱਦੜ ਸ਼ਰਾਰਤੀ ਜਾਂ ਧਮਕੀਆਂ ਤੋਂ ਨਹੀਂ ਡਰਦੀ। ਮੈਂ ਦੇਸ਼ ਅਤੇ ਅੱਤਵਾਦੀ ਤਾਕਤਾਂ ਵਿਰੁੱਧ ਸਾਜ਼ਿਸ਼ ਕਰਨ ਵਾਲਿਆਂ ਵਿਰੁੱਧ ਬੋਲਦੀ ਹਾਂ ਅਤੇ ਹਮੇਸ਼ਾ ਬੋਲਦੀ ਰਹਾਂਗੀ। ਬੇਗੁਨਾਹ ਜਵਾਨਾਂ ਦਾ ਕਤਲ ਕਰਨ ਵਾਲੇ ਨਕਸਲੀ ਹੋਣ, ਟੁਕੜੇ ਟੁਕੜੇ ਗੈਂਗ ਹੋਣ ਜਾਂ ਅੱਸੀਵਿਆਂ ਵਿਚ ਪੰਜਾਬ ਵਿਚ ਗੁਰੂਆਂ ਦੀ ਪਵਿੱਤਰ ਧਰਤੀ ਨੂੰ ਵੱਢ ਕੇ ਖਾਲਿਸਤਾਨ ਬਣਾਉਣ ਦਾ ਸੁਪਨਾ ਲੈ ਰਹੇ ਵਿਦੇਸ਼ਾਂ ਵਿਚ ਬੈਠੇ ਦਹਿਸ਼ਤਗਰਦ।

ਉਨ੍ਹਾਂ ਕਿਹਾ ਕਿ “ਮੈਂ ਕਾਂਗਰਸ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਇਹ ਵੀ ਯਾਦ ਕਰਾਉਣਾ ਚਾਹਾਂਗੀ ਕਿ ਉਹ ਵੀ ਇਕ ਔਰਤ ਹਨ , ਤੁਹਾਡੀ ਸੱਸ ਇੰਦਰਾ ਗਾਂਧੀ ਨੇ ਆਖ਼ਰੀ ਸਮੇਂ ਤਕ ਇਸ ਅੱਤਵਾਦ ਵਿਰੁੱਧ ਜ਼ੋਰਦਾਰ ਲੜਾਈ ਲੜੀ। ਕਿਰਪਾ ਕਰਕੇ ਆਪਣੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਜਿਹੀਆਂ ਦਹਿਸ਼ਤਗਰਦ, ਵਿਘਨ ਪਾਉਣ ਵਾਲੀਆਂ ਅਤੇ ਦੇਸ਼ ਵਿਰੋਧੀ ਤਾਕਤਾਂ ਤੋਂ ਮਿਲ ਰਹੀਆਂ ਧਮਕੀਆਂ ‘ਤੇ ਤੁਰੰਤ ਕਾਰਵਾਈ ਕਰਨ ਦੀ ਹਦਾਇਤ ਕਰੋ।

ਉਨ੍ਹਾਂ ਕਿਹਾ ਕਿ ‘ਮੈਂ ਧਮਕੀਆਂ ਦੇਣ ਵਾਲਿਆਂ ਖ਼ਿਲਾਫ਼ ਪੁਲਿਸ ਕੋਲ ਐਫਆਈਆਰ ਦਰਜ ਕਰਵਾਈ ਹੈ। ਮੈਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਵੀ ਜਲਦੀ ਕਾਰਵਾਈ ਕਰੇਗੀ। ਦੇਸ਼ ਮੇਰੇ ਲਈ ਸਰਵਉੱਚ ਹੈ, ਇਸ ਲਈ ਭਾਵੇਂ ਮੈਨੂੰ ਕੋਈ ਕੁਰਬਾਨੀ ਕਿਉਂ ਨਾ ਦੇਣੀ ਪਵੇ, ਮੈਨੂੰ ਮਨਜ਼ੂਰ ਹੈ।’