ਪੰਜਾਬ

38 ਨਵੇਂ ਕਰਮਚਾਰੀ ਠੇਕੇ ‘ਤੇ ਕੀਤੇ ਭਰਤੀ, ਸਿਹਤ ਮੰਤਰੀ ਨੇ ਦਿੱਤੇ ਨਿਯੁਕਤੀ-ਪੱਤਰ

ਫ਼ੈਕ੍ਟ ਸਮਾਚਾਰ ਸੇਵਾ ਐਸ ਏ ਐਸ ਨਗਰ , ਜੁਲਾਈ 29

ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਅੱਜ ਮੋਹਾਲੀ ਨਗਰ ਨਿਗਮ ਵਾਸਤੇ 38 ਨਵੀਂਆਂ ਭਰਤੀਆਂ ਦੇ ਨਿਯੁਕਤੀ-ਪੱਤਰ ਦਿੱਤੇ ਜਾਰੀ ਕੀਤੇ। ਇਸ ਸਬੰਧੀ ਪਿਛਲੇ ਦਿਨੀਂ ਨਗਰ ਨਿਗਮ ਦੇ ਹਾਊਸ ਨੇ ਮਤਾ ਪਾਸ ਕੀਤਾ ਸੀ ਜਿਸ ਨੂੰ ਹਰੀ ਝੰਡੀ ਮਿਲਣ ਤੋਂ ਬਾਅਦ ਇਨ੍ਹਾਂ ਨੂੰ ਠੇਕਾ ਪ੍ਰਣਾਲੀ ਰਾਹੀਂ ਭਰਤੀ ਕੀਤਾ ਗਿਆ ਹੈ। ਵੇਰਵੇ ਮਿਲੇ ਹਨ ਕਿ ਇਨ੍ਹਾਂ ਨੂੰ ਤਨਖ਼ਾਹ ਡੀਸੀ ਰੇਟਾਂ ‘ਤੇ ਮਿਲੇਗੀ। ਪੋ੍ਗਰਾਮ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਤੇ ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਭਰਤੀ ਹੋਏ ਮੁਲਾਜ਼ਮਾਂ ‘ਚ 11 ਕਲਰਕ, 1 ਲਾਇਬੇ੍ਰਰੀਅਨ, 15 ਫਾਇਰਮੈੱਨ, 7 ਸੇਵਾਦਾਰ ਅਤੇ 4 ਬੇਲਦਾਰਾਂ ਨੂੰ ਨਿਯੁਕਤੀ-ਪੱਤਰ ਦਿੱਤੇ ਗਏ ਹਨ ਜਿਹੜੇ ਕਿ ਸਾਰੇ ਹੀ ਠੇਕੇ ਪ੍ਰਣਾਲੀ ਰਾਹੀਂ ਨਿਯੁਕਤ ਕੀਤੇ ਗਏ ਹਨ। ਇਸ ਮੌਕੇ ਸਿਹਤ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਮੂਹ ਨਵੇਂ ਭਰਤੀ ਹੋਏ ਕਰਮਚਾਰੀਆਂ ਨੂੰ ਪੂਰੀ ਇਮਾਨਦਾਰੀ ਜ਼ਿੰਮੇਵਾਰੀ ਤੇ ਤਨਦੇਹੀ ਨਾਲ ਕੰਮ ਕਰਨ ਲਈ ਪੇ੍ਰਿਤ ਕੀਤਾ।ਉਨ੍ਹਾਂ ਇਸ ਮੌਕੇ ਭਰਤੀ ਹੋਏ ਕਰਮਚਾਰੀਆਂ ਨੂੰ ਉਨ੍ਹਾਂ ਇਹ ਵੀ ਕਿਹਾ ਕਿ ਉਨਾਂ ਦੇ ਕੰਮ ਦਾ ਕੋਈ ਉਲਾਂਭਾ ਨਾ ਆਵੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਦੀ ਕਾਂਗਰਸ ਸਰਕਾਰ ਰੁਜ਼ਗਾਰ ਨੂੰ ਬੜਾਵਾ ਦੇਣ ਦੇ ਨਾਲ ਹਰ ਪੱਖ ਦੇ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਇਸ ਮੌਕੇ ਨਗਰ ਨਿਗਮ ਨੂੰ ਇਹ ਵੀ ਭਰੋਸਾ ਦਿੱਤਾ ਕਿ ਆਉਂਦੇ ਸਮੇਂ ਵਿਚ ਲੋੜ ਮੁਤਾਬਕ ਇਸੇ ਤਰ੍ਹਾਂ ਹੋਰ ਕਰਮਚਾਰੀਆਂ ਦੀ ਵੀ ਭਰਤੀ ਕੀਤੀ ਜਾ ਸਕਦੀ ਹੈ।

ਮੇਅਰ ਜੀਤੀ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਮੋਹਾਲੀ ਨਗਰ ਨਿਗਮ ਵਿਚ ਕਰਮਚਾਰੀਆਂ ਦੀ ਘਾਟ ਕਾਰਨ ਕੰਮ ਪ੍ਰਭਾਵਿਤ ਹੁੰਦਾ ਸੀ ਅਤੇ ਇਨ੍ਹਾਂ ਨਿਯੁਕਤੀਆਂ ਨਾਲ ਮੋਹਾਲੀ ਨਗਰ ਨਿਗਮ ਦੇ ਕੰਮ ਨੂੰ ਵੀ ਰਫ਼ਤਾਰ ਮਿਲੇਗੀ। ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਨੇ ਕਿਹਾ ਕਿ ਨਿਗਮ ਵਿਚ ਫਾਇਰਮੈਨਾਂ ਦੀ ਭਰਤੀ ਨਾਲ ਫਾਇਰ ਬਿ੍ਗੇਡ ਨੂੰ ਬੜੀ ਰਾਹਤ ਮਿਲੇਗੀ ਅਤੇ ਮਕਾਨ ਫਾਇਰਮੈਨਾਂ ਦੀ ਘਾਟ ਪੂਰੀ ਹੋਵੇਗੀ ਜਿਸ ਨਾਲ ਸ਼ਹਿਰ ‘ਚ ਵਾਪਰਦੀਆਂ ਅੱਗ ਦੀਆਂ ਘਟਨਾਵਾਂ ‘ਤੇ ਕਾਬੂ ਪਾਉਣ ‘ਚ ਹੋਰ ਮਦਦ ਮਿਲੇਗੀ ਅਤੇ ਕੰਮ ਵੀ ਤੇਜ਼ੀ ਨਾਲ ਹੋਵੇਗਾ।

ਉਨਾਂ ਇਸ ਸਬੰਧੀ ਵਿਸ਼ੇਸ਼ ਤੌਰ ‘ਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਈ ਸਾਲਾਂ ਤੋਂ ਨਿਗਮ ਵਿੱਚ ਕਰਮਚਾਰੀਆਂ ਦੀ ਘਾਟ ਨੂੰ ਦੂਰ ਕਰਨ ਦਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਤਿਹਾਸਕ ਫ਼ੈਸਲਾ ਕਰਵਾਇਆ ਹੈ। ਇਸ ਮੌਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਕੌਂਸਲਰ ਨਰਪਿੰਦਰ ਸਿੰਘ ਰੰਗੀ ਤੇ ਨਗਰ ਨਿਗਮ ਦੇ ਹੋਰ ਕਰਮਚਾਰੀ ਹਾਜ਼ਰ ਸਨ।