ਵਧੀਕ ਡਿਪਟੀ ਕਮਿਸ਼ਨਰ ਨੇ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਫ਼ੈਕ੍ਟ ਸਮਾਚਾਰ ਸੇਵਾ ਜਲੰਧਰ, ਅਗਸਤ 13

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਸਪ੍ਰੀਤ ਸਿੰਘ ਵੱਲੋਂ ਜਲ ਜੀਵਨ ਮਿਸ਼ਨ ਅਤੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਅਧੀਨ ਪਿੰਡਾਂ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸਮੇਤ ਜਲ ਸਪਲਾਈ ਅਤੇ ਸੈਨੀਟੇਸ਼ਨ, ਪੰਚਾਇਤੀ ਰਾਜ ਵਿਭਾਗ ਦੇ ਅਧਿਕਾਰੀਆਂ ਸਮੇਤ ਵੱਖ-ਵੱਖ ਬਲਾਕਾਂ ਦੇ ਬੀ.ਡੀ.ਪੀ.ਓਜ਼ ਨਾਲ ਮੀਟਿੰਗ ਕੀਤੀ ਗਈ।

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਸਬੰਧਤ ਕਾਰਜਕਾਰੀ ਇੰਜੀਨੀਅਰ, ਉਪ ਮੰਡਲ ਇੰਜੀਨੀਅਰ ਅਤੇ ਬੀ.ਡੀ.ਪੀ.ਓਜ਼ ਨੂੰ ਹਦਾਇਤ ਕੀਤੀ ਕਿ ਜਿਨ੍ਹਾਂ ਪਿੰਡਾਂ ਵਿੱਚ ਜਲ ਸਪਲਾਈ ਸਕੀਮ ਲਈ ਲਾਭਪਾਤਰੀ ਹਿੱਸਾ (ਬੈਨੀਫਿਸ਼ਰੀ ਸ਼ੇਅਰ) ਬਕਾਇਆ ਹੈ, ਉਨ੍ਹਾਂ ਪਿੰਡਾਂ ਦਾ ਲਾਭਪਾਤਰੀ ਹਿੱਸਾ ਇਕੱਤਰ ਕਰ ਕੇ 14 ਅਗਸਤ 2021 ਤੱਕ ਜਮ੍ਹਾ ਕਰਵਾਇਆ ਜਾਵੇ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਪਾਈਪਾਂ ਰਾਹੀਂ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਸਕੇ।

ਸਵੱਛ ਭਾਰਤ ਮਿਸ਼ਨ ਗ੍ਰਾਮੀਣ ਫੇਜ਼-2 ਅਧੀਨ ਵੱਖ-ਵੱਖ ਸਕੀਮਾਂ ਤਹਿਤ ਕਰਵਾਏ ਕਾਰਜਾਂ ਦੀ ਸਮੀਖਿਆ ਕਰਦਿਆਂ ਉਨ੍ਹਾਂ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਬਕਾਇਆ ਰਹਿੰਦੇ ਪਖਾਨਿਆਂ ਦਾ ਨਿਰਮਾਣ 10 ਦਿਨਾਂ ਦੇ ਅੰਦਰ-ਅੰਦਰ ਕਰਵਾਉਣ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਸਬੰਧਤ ਬੀ.ਡੀ.ਪੀ.ਓਜ਼ ਨੂੰ ਕਮਿਊਨਿਟੀ ਸੈਨੀਟਰੀ ਕੰਪਲੈਕਸਾਂ ਦੇ ਨਿਰਮਾਣ ਲਈ ਬਣਦੀ ਰਾਸ਼ੀ ਪੰਚਾਇਤਾਂ ਦੇ ਖਾਤੇ ਵਿੱਚ ਟਰਾਂਸਫਰ ਕਰਨ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਪਿੰਡਾਂ ਦੇ ਅਜਿਹੇ ਲੋਕਾਂ ਨੂੰ ਜਲਦੀ ਤੋਂ ਜਲਦੀ ਪਖਾਨਿਆਂ ਦੀ ਸਹੂਲਤ ਦਿੱਤੀ ਜਾ ਸਕੇ, ਜਿਨ੍ਹਾਂ ਕੋਲ ਘਰ ਵਿੱਚ ਪਖਾਨੇ ਦੀ ਉਸਾਰੀ ਲਈ ਥਾਂ ਨਹੀਂ ਹੈ।

ਇਸ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਨੇ ਸਬੰਧਤ ਬੀ.ਡੀ.ਪੀ.ਓਜ਼ ਨੂੰ 36 ਪਿੰਡਾਂ ਵਿੱਚ ਲਿਕੁਅਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਅਤੇ 43 ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਤੁਰੰਤ ਸ਼ੁਰੂ ਕਰਨ ਦੀਆਂ ਵੀ ਹਦਾਇਤਾਂ ਦਿੱਤੀਆਂ ਤਾਂ ਜੋ ਪਿੰਡਾਂ ਨੂੰ ਲਿਕੁਅਡ ਤੇ ਸੋਲਿਡ ਕਚਰੇ ਤੋਂ ਛੁਟਕਾਰਾ ਦਿਵਾਇਆ ਜਾ ਸਕੇ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕਾਰਜਕਾਰੀ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਇੰਜ. ਹਰਿੰਦਰ ਸਿੰਘ ਅਤੇ ਇੰਜ. ਨਿਤਨ ਕਾਲੀਆ, ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਵਿਭਾਗ ਇੰਜ. ਤਰਸੇਮ ਲਾਲ, ਡੀ.ਡੀ.ਪੀ.ਓ. ਜਲੰਧਰ ਇਕਬਾਲ ਸਿੰਘ, ਉਪ ਮੰਡਲ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਖੁਸ਼ਮਨਪ੍ਰੀਤ ਸਿੰਘ ਅਤੇ ਗਗਨਦੀਪ ਸਿੰਘ ਵਾਲੀਆ ਅਤੇ ਬੀ.ਡੀ.ਪੀ.ਓਜ਼ ਮਹੇਸ਼ ਕੁਮਾਰ, ਸ਼੍ਰੀਮਤੀ ਮਨਜਿੰਦਰ ਕੌਰ, ਸੰਦੀਪ ਸਿੰਘ, ਭੁਪਿੰਦਰ ਸਿੰਘ, ਸੁਰਜੀਤ ਸਿੰਘ, ਸ਼੍ਰੀਮਤੀ ਪਵਨਜੀਤ ਕੌਰ, ਰਾਮ ਪਾਲ, ਰਾਕੇਸ਼ ਕੁਮਾਰ, ਮਲਕੀਤ ਸਿੰਘ ਅਤੇ ਹੋਰ ਹਾਜ਼ਰ ਸਨ।

More from this section