ਪੰਜਾਬ

ਆਪ ਪ੍ਰਮੁੱਖ ਅਰਵਿੰਦ ਕੇਜਰੀਵਾਲ ਚੰਡੀਗੜ੍ਹ ਪੁੱਜੇ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਸਤੰਬਰ 29

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਚੰਡੀਗੜ੍ਹ ਪੁੱਜੇ ਹਨ। ਦਰਅਸਲ ਉਹ ਆਪਣੀ ਦੋ ਦਿਨਾ ਫੇਰੀ ਲਈ ਪੰਜਾਬ ਆਏ ਹਨ। ਚੰਡੀਗੜ੍ਹ ਪਹੁੰਚ ਕੇ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕੀਤੀ ਜਿਸ ਵਿਚ ਉਨ੍ਹਾਂ ਸਭ ਤੋਂ ਪਹਿਲਾਂ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ ‘ਤੇ ਵਧਾਈ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ‘ਚ ਬਣੇ ਅਸਥਿਰਤਾ ਦੇ ਮਾਹੌਲ ਨੂੰ ਮੰਦਭਾਗਾ ਦੱਸਿਆ।

ਉਨ੍ਹਾਂ ਕਿਹਾ ਕਿ ਪੰਜਾਬ ‘ਚ ਇਸ ਵੇਲੇ ਜਿਵੇਂ ਦੀ ਅਸਥਿਰਤਾ ਬਣੀ ਹੋਈ ਹੈ, ਅਜਿਹੇ ਵਿਚ ਆਮ ਆਦਮੀ ਪਾਰਟੀ ਹੀ ਇਮਾਨਦਾਰ ਤੇ ਸਥਿਰ ਸਰਕਾਰ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਪੰਜਾਬ ਦਾ ਵਿਕਾਸ ਹੋਵੇ। ਉਨ੍ਹਾਂ ਕਿਹਾ ਕਿ ਚੰਨੀ ਪੰਜ ਚੀਜ਼ਾਂ ‘ਤੇ ਕਾਰਵਾਈ ਕਰਨ। ਕੇਜਰੀਵਾਲ ਬੋਲੇ ਕਿ ਪੰਜਾਬ ਦੀ ਜਨਤਾ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਉਹ ਆਪਣੀਆਂ ਸਮੱਸਿਆਵਾਂ ਲੈ ਕੇ ਕਿਸ ਦੇ ਕੋਲ ਜਾਣ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਨ੍ਹਾਂ ਪੰਜਾਬ ‘ਚ ਹਰ ਘਰ ਇਕ ਸਰਕਾਰੀ ਨੌਕਰੀ ਦਾ ਵਾਅਦਾ ਕੀਤਾ ਸੀ ਅਤੇ ਨੌਕਰੀ ਨਾ ਮਿਲਣ ਦੀ ਸੂਰਤ ‘ਚ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ ਜਿਸ ਨੂੰ ਨਵੀਂ ਯਾਨੀ ਚੰਨੀ ਸਰਕਾਰ ਨੂੰ ਪੂਰਾ ਕਰਨਾ ਚਾਹੀਦਾ ਹੈ। ਕੇਜਰੀਵਾਲ ਨੇ ਸੀ ਐਮ ਚੰਨੀ ਤੋਂ ਬਰਗਾੜੀ ਕਾਂਡ ਦੇ ਗੁਨਾਹਗਾਰਾਂ ਨੂੰ ਸਜ਼ਾ ਦਿਵਾਉਣ, ਦਾਗ਼ੀ ਮੰਤਰੀਆਂ ਤੇ ਅਫ਼ਸਰਾਂ ਨੂੰ ਹਟਾਉਣ ਸਮੇਤ ਕਈ ਬਿੰਦੂਆਂ ‘ਤੇ ਕੰਮ ਕਰਨ ਨੂੰ ਕਿਹਾ।