ਪੰਜਾਬ

ਸਰਬ ਪਾਰਟੀ ਬੈਠਕ ‘ਚ ਗ਼ਰਜ਼ੀ ‘ਆਪ’

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਅਕਤੂਬਰ 26

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਚੰਨੀ ਸਰਕਾਰ ‘ਤੇ ਦੋਸ਼ ਲਾਇਆ ਕਿ ਕਾਂਗਰਸ ਦੀ ਚੰਨੀ ਸਰਕਾਰ ਨੇ ਪੰਜਾਬ ਨੂੰ ਕੇਂਦਰ ਸਰਕਾਰ ਕੋਲ ਗਹਿਣੇ ਰੱਖ ਦਿੱਤਾ ਹੈ, ਕਿਉਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਕੇਂਦਰੀ ਅਮਿਤ ਸ਼ਾਹ ਨਾਲ ਮੀਟਿੰਗ ਕਰਨ ਤੋਂ ਬਾਅਦ ਹੀ ਬੀ.ਐਸ.ਐਫ ਦੇ ਅਧਿਕਾਰਾਂ ਵਿੱਚ ਵਾਧਾ ਕਰਕੇ ਅੱਧਾ ਪੰਜਾਬ ਕੇਂਦਰ ਨੇ ਆਪਣੇ ਹਵਾਲੇ ਕਰ ਲਿਆ। ਇਸ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਲੋਕਾਂ ਦੇ ਸਾਹਮਣੇ ਸੱਚ ਰੱਖਣਾ ਚਾਹੀਦਾ ਹੈ ਕਿ ਕਿਹੜੇ ਕਾਰਨਾਂ ਅਤੇ ਕਮਜ਼ੋਰੀਆਂ ਕਰਕੇ 50 ਫ਼ੀਸਦੀ ਪੰਜਾਬ ‘ਤੇ ਭਾਜਪਾ ਦਾ ਕਬਜ਼ਾ ਕਰਵਾ ਦਿੱਤਾ ਗਿਆ।” ਭਗਵੰਤ ਮਾਨ ਸੋਮਵਾਰ ਨੂੰ ਪੰਜਾਬ ਸਰਕਾਰ ਵੱਲੋਂ ਸੱਦੀ ਸਰਬ ਪਾਰਟੀ ਮੀਟਿੰਗ ‘ਚ ਹਿੱਸਾ ਲੈਣ ਤੋਂ ਬਾਅਦ ਪੰਜਾਬ ਭਵਨ ਚੰਡੀਗੜ੍ਹ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ ਅਤੇ ਉਨ੍ਹਾਂ ਨਾਲ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਵਿਧਾਇਕ ਅਮਨ ਅਰੋੜਾ ਵੀ ਹਾਜ਼ਰ ਸਨ।

ਸੰਸਦ ਮੈਂਬਰ ਭਗਵੰਤ ਮਾਨ ਨੇ ਸੱਤਾਧਾਰੀ ਕਾਂਗਰਸ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਐਨ. ਆਈ. ਏ. ਐਕਟ ਅਤੇ ਬੀ.ਐਸ.ਐਫ. ਐਕਟ 139 ਦੇ ਸਬ ਸੈਕਸ਼ਨ ਦੀ ਕਲਾਜ 2 ਦੇ ਤਹਿਤ ਤਤਕਾਲੀ ਮਨਮੋਹਨ ਸਿੰਘ ਸਰਕਾਰ ਵੇਲੇ ਉਦੋਂ ਦੇ ਗ੍ਰਹਿ ਮੰਤਰੀ ਪੀ. ਚਿਦੰਬਰਮ ਲੈ ਕੇ ਆਏ ਸਨ। ਕਾਂਗਰਸ ਹੁਣ ਕਿਸ ਮੂੰਹ ਨਾਲ ਇਸ ਦਾ ਵਿਰੋਧ ਕਰ ਰਹੀ ਹੈ। ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਉਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਇਹ ਐਕਟ ਬਣਾਏ ਗਏ ਸਨ ਤਾਂ ਉਸ ਸਮੇਂ ਪੰਜਾਬ ਵਿੱਚ ਅਕਾਲੀ ਦਲ ਬਾਦਲ -ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਸੀ, ਪਰ ਬਾਦਲਾਂ ਦੀ ਸਰਕਾਰ ਨੇ ਇਨ੍ਹਾਂ ਐਕਟਾਂ ਦਾ ਕੋਈ ਵਿਰੋਧ ਨਹੀਂ ਕੀਤਾ ਸੀ। ਇਸ ਬਾਬਤ ਕੇਂਦਰ ਵੱਲੋਂ ਜਾਰੀ 5 ਯਾਦ ਪੱਤਰਾਂ ਦਾ ਕੋਈ ਜਵਾਬ ਤੱਕ ਦੇਣਾ ਜ਼ਰੂਰੀ ਨਹੀਂ ਸਮਝਿਆ, ਪ੍ਰੰਤੂ ਅੱਜ ਵਿਰੋਧ ਕਰਨ ਦਾ ਡਰਾਮਾ ਕੀਤਾ ਜਾ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੁੱਛਿਆ ਕਿ ਉਨ੍ਹਾਂ ਦੀ ਕੀ ਮਜਬੂਰੀ ਸੀ ਜੋ ਤੁਸੀਂ ਪੰਜਾਬ ਨੂੰ ਕੇਂਦਰ ਕੋਲ ਗਹਿਣੇ ਕਰ ਰੱਖ ਆਏ ਹੋ? ਪੰਜਾਬ ਦੇ ਲੋਕਾਂ ਨੂੰ ਸਪਸ਼ਟ ਕਰੋ ਕਿ ਕੀ ਡੀਲ ਹੋਈ ਹੈ? ਕਿਹੜੀ ਫਾਈਲ ਦਿਖਾ ਕੇ ਕੇਂਦਰ ਨੇ ਤੁਹਾਡੀ ਬਾਂਹ ਮਰੋੜੀ ਲਈ? ਇਸੇ ਤਰ੍ਹਾਂ ਸਾਬਕਾ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਪਰਿਵਾਰ ਦੇ ਘੋਟਾਲਿਆਂ ਦੀਆਂ ਫਾਈਲਾਂ ਦੇਖ ਕੇ ਪੰਜਾਬ ਦੇ ਹੱਕਾਂ ਦੀ ਕੋਈ ਗੱਲ ਨਹੀਂ ਸੀ ਕਰਦੇ ਅਤੇ ਅੱਜ ਵੀ ਭਾਜਪਾ ਦੀ ਬੋਲੀ ਬੋਲ ਰਹੇ ਹਨ।

ਸੰਸਦ ਮੈਂਬਰ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਮਿਹਣਾ ਮਾਰਦੇ ਹੋਏ ਕਿਹਾ ਕਿ ਪੰਜਾਬ ਨੂੰ ਹੋਰ ਕਿੰਨੀ ਵਾਰ ਵੰਡੋਗੇ। ਪੰਜਾਬ ਜੋ ਕਦੇ ਕਾਬਲ- ਕੰਧਾਰ ਤੱਕ ਫੈਲਿਆ ਸੀ। ਪਹਿਲਾ ਅੰਗਰੇਜ਼ਾਂ ਨੇ ਚੜ੍ਹਦੇ- ਲਹਿੰਦੇ ‘ਚ ਵੰਡਿਆ, ਫਿਰ ਹਰਿਆਣਾ, ਹਿਮਾਚਲ ‘ਚ ਵੰਡਿਆ ਅਤੇ ਹੁਣ ਗੁਰਦਾਸਪੁਰ ਤੋਂ ਤਰਨਤਾਰਨ ਤੱਕ ਅਤੇ ਜਲੰਧਰ , ਮੋਗਾ ਫ਼ਿਰੋਜ਼ਪੁਰ ਤੱਕ ਦੇ ਜ਼ਿਲ੍ਹਿਆਂ ‘ਚ ਵੰਡਿਆਂ ਜਾ ਰਿਹਾ ਹੈ। ਉਨ੍ਹਾਂ ਚੰਨੀ ਨੂੰ ਕਿਹਾ ਕਿ ਪੰਜਾਬ ਦੇ ਹੱਕਾਂ ‘ਤੇ ਹੋਰ ਕਿਹੜੇ ਕਿਹੜੇ ਡਾਕੇ ਮਰਵਾਉਂਗੇ ਆਪਣੇ ਨਿੱਜੀ ਹਿੱਤਾਂ ਲਈ। ਜੀ.ਐਸ.ਟੀ, ਖੇਤੀ ਕਾਨੂੰਨ, ਪੰਜਾਬੀ ਭਾਸ਼ਾ ਨੂੰ ਨਿਗੂਣਾ ਕਰਨ ਜਿਹੇ ਫ਼ੈਸਲਿਆਂ ਨਾਲ ਪੰਜਾਬ ਪਹਿਲਾਂ ਹੀ ਲੁੱਟਿਆ ਗਿਆ ਹੈ, ਪਰ ਹੁਣ ਜਲਦੀ ਹੀ ਨਵੇਂ ਬਿਜਲੀ ਐਕਟ ਹੋਰ ਥੋਪਿਆ ਜਾਵੇਗਾ।

ਉਹਨਾਂ ਕਿਹਾ ਕਿ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਡਰੋਨ ਡਰੋਨ ਅਤੇ ਰਾਸ਼ਟਰੀ ਸੁਰੱਖਿਆ ਦਾ ਰਾਗ ਅਲਾਪ ਕੇ ਪੰਜਾਬ ਵਾਸੀਆਂ ਨੂੰ ਡਰਾਉਣ ਲੱਗੇ ਹੋਏ ਹਨ, ਜਦੋਂ ਕਿ ਅੱਜ ਸਰਬ ਪਾਰਟੀ ਬੈਠਕ ਦੌਰਾਨ ਸਰਕਾਰ ਵੱਲੋਂ ਦਿੱਤੀ ਪੇਸ਼ਕਾਰੀ ‘ਚ ਦੱਸਿਆ ਗਿਆ ਕਿ ਅੰਤਰ ਰਾਸ਼ਟਰੀ ਸੀਮਾ ਤੋਂ ਵੱਧ ਤੋਂ ਵੱਧ 3- 4 ਕਿੱਲੋਮੀਟਰ ਤੱਕ ਹੀ ਡਰੋਨ ਪੰਜਾਬ ਭਾਰਤ ਅੰਦਰ ਆ ਸਕੇ ਹਨ। ਫਿਰ ਬੀ.ਐਸ.ਐਫ ਦਾ ਅਧਿਕਾਰ ਖੇਤਰ 15 ਤੋਂ 50 ਕਿੱਲੋਮੀਟਰ ਕਿਉਂ ਕੀਤਾ ਗਿਆ? ਉਨ੍ਹਾਂ ਅਨੁਸਾਰ ਹੁਣ ਪੰਜਾਬ ਦੇ ਲੋਕ ਸਭ ਕੁੱਝ ਜਾਣਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਬੀ.ਐਸ.ਐਫ. ਦਾ ਅਧਿਕਾਰ ਖੇਤਰ ਵਧਾਉਣ ਨਾਲ ਹੁਣ ਅੱਧੇ ਪੰਜਾਬ ‘ਤੇ ਰਾਸ਼ਟਰਪਤੀ ਰਾਜ ਲਾਗੂ ਹੋ ਜਾਵੇਗਾ ਅਤੇ ਬੀ.ਐਸ.ਐਫ ਪੰਜਾਬ ਦੇ ਨੌਜਵਾਨਾਂ ਨੂੰ ਚੁੱਕ ਕੇ ਲੈ ਜਾਇਆ ਕਰੇਗੀ , ਐਨ.ਆਈ.ਏ ਦੀ ਹਵਾਲੇ ਕਰ ਦਿਆ ਕਰੇਗੀ ਅਤੇ ਪੰਜਾਬ ਸਰਕਾਰ ਕਹੇਗੀ ਸਾਡੇ ਤਾਂ ਅਧਿਕਾਰ ਖੇਤਰ ਵਿੱਚ ਹੀ ਨਹੀਂ ਹੈ, ਸਾਨੂੰ ਨਹੀਂ ਪਤਾ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕ ਸਭਾ ਅਤੇ ਰਾਜ ਸਭਾ ਵਿੱਚ ਬੀ.ਐਸ.ਐਫ ਸਬੰਧੀ ਆਉਣ ਵਾਲੇ ਕਾਨੂੰਨ ਦਾ ਵਿਰੋਧ ਕਰੇਗੀ ਅਤੇ ਪੰਜਾਬ ਦੇ ਹਿੱਤਾਂ ‘ਤੇ ਡਟ ਕੇ ਪਹਿਰਾ ਦੇਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਰਾਜ ਸਭਾ ਵਿੱਚ ਪੈਂਤਰੇ ਬਾਜ਼ੀ ਕਰਕੇ ਆਪਣੇ ਮੈਂਬਰਾਂ ਤੋਂ ਵਾਕਆਊਟ ਕਰਾ ਦਿੰਦੀ ਹੈ ਅਤੇ ਮੋਦੀ ਸਰਕਾਰ ਆਪਣੇ ਬਿੱਲ ਪਾਸ ਕਰਾ ਲੈਂਦੀ ਹੈ। ਮਾਨ ਨੇ ਇਹ ਵੀ ਦੱਸਿਆ ਕਿ ਆਮ ਆਦਮੀ ਪਾਰਟੀ ਸਰਹੱਦੀ ਖੇਤਰ ‘ਚ ਇਸ ਕਾਨੂੰਨ ਬਾਰੇ ਸਥਾਨਕ ਲੋਕਾਂ ਨੂੰ ਜਾਗਰੂਕ ਕਰਨ ਲਈ ਬਕਾਇਦਾ ਮੁਹਿੰਮ ਚਲਾਏਗੀ।

ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਭਗਵੰਤ ਮਾਨ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਹਿੱਤਾਂ ਅਤੇ ਸੰਘੀ ਢਾਂਚੇ ਦੀ ਰੱਖਿਆ ਲਈ ਡਟ ਕੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਅਤੇ ਬਾਕੀ ਦਲ ਸਾਫ਼ ਨੀਅਤ ਅਤੇ ਸਪਸ਼ਟ ਨੀਤੀ ਨਾਲ ਪੰਜਾਬ ਲਈ ਲੜਨਗੇ, ਉਦੋਂ ਤੱਕ ‘ਆਪ’ ਪੰਜਾਬ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਥ ਅਤੇ ਸਹਿਯੋਗ ਕਰੇਗੀ, ਪ੍ਰੰਤੂ ਜਦ ਵੀ ਲੱਗਿਆ ਕਿ ਦੋਹਰੇ ਮਾਪਦੰਡ ਅਪਣਾ ਕੇ ਪੰਜਾਬ ਦੀ ਪਿੱਠ ‘ਚ ਛੁਰਾ ਮਾਰਿਆ ਜਾ ਰਿਹਾ ਹੈ, ‘ਆਪ’ ਇਹਨਾਂ ਸਭ ਦਾ ਪਰਦਾਫਾਸ਼ ਕਰੇਗੀ। ਬੈਠਕ ਦੌਰਾਨ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਇਹ ਕਹਿਣਾ ਕਿ ਸਰਕਾਰ ਪਲਟੀ ਨੂੰ ਬਹੁਤ ਘੱਟ ਸਮਾਂ ਹੋਇਆ ਹੈ, ‘ਤੇ ਚੋਟ ਕਰਦਿਆਂ ਭਗਵੰਤ ਮਾਨ ਨੇ ਕਿਹਾ, ”ਮੈਂ ਤੁਰੰਤ ਰੰਧਾਵਾ ਸਾਹਿਬ ਨੂੰ ਦਰੁਸਤ ਕਰਦਿਆਂ ਕਿਹਾ ਕਿ ਸਰਕਾਰ ਨਹੀਂ ਪਲਟੀ, ਸਿਰਫ਼ ਤੁਸੀਂ (ਕਾਂਗਰਸੀ ਮੰਤਰੀ- ਵਿਧਾਇਕ) ਪਲਟੇ ਹੋ। ਅਜਿਹਾ ਕਰਕੇ ਇਹ ਭਰਮ ਨਾ ਫੈਲਾਇਆ ਜਾਵੇ ਕਿ ਕੈਪਟਨ ਦੀ ਸਰਕਾਰ ਕਾਂਗਰਸ ਦੀ ਸਰਕਾਰ ਨਹੀਂ ਸੀ।” ਭਗਵੰਤ ਮਾਨ ਨੇ ਕਿਹਾ ਕਿ ਬੀ.ਐਸ.ਐਫ ਕਾਨੂੰਨ ‘ਤੇ ਭਾਜਪਾ ਦੇ ਬੁਲਾਰੇ ਬਣੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਵੀ ਕਾਂਗਰਸੀ ਹੀ ਹਨ।

ਭਗਵੰਤ ਮਾਨ ਨੇ ਇਹ ਵੀ ਦੋਸ਼ ਲਗਾਇਆ ਕਿ ਚੰਨੀ ਸਰਕਾਰ ਨੇ ਸਰਬਪਾਰਟੀ ਬੈਠਕ ਬੁਲਾਉਣ ‘ਚ 2 ਹਫ਼ਤਿਆਂ ਦੀ ਦੇਰੀ ਕਿਉਂ ਕੀਤੀ, ਜਦਕਿ ਅਸੀ (ਆਪ) ਤੁਰੰਤ ਇਸ ਦੀ ਮੰਗ ਕੀਤੀ ਸੀ। ਪੰਜਾਬ ਨੂੰ ਹਨੇਰੇ ‘ਚ ਕਿਉਂ ਰੱਖਿਆ, ਜਦਕਿ ਹੁਣ ਤੱਕ ਪ੍ਰਧਾਨ ਮੰਤਰੀ ਅਤੇ ਗ੍ਰਹਿ-ਮੰਤਰੀ ਦੇ ਬਾਹਰ ਧਰਨਾ ਲਗਾਇਆ ਹੁੰਦਾ। ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਉਨ੍ਹਾਂ ਸਰਕਾਰ ਕੋਲੋਂ ਬੀ.ਐਸ.ਐਫ ਅਤੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਪੰਜਾਬ ਵਿਧਾਨ ਸਭਾ ਦਾ ਤੁਰੰਤ ਇਜਲਾਸ ਸੱਦਣ ਦੀ ਮੰਗ ਰੱਖੀ, ਜਿਸ ਦਾ ਸਿੱਧਾ ਪ੍ਰਸਾਰਨ ਹੋਣਾ ਚਾਹੀਦਾ ਹੈ। ਇਸ ਮੌਕੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਕੇਂਦਰ ਦੇ ਬੀ.ਐਸ.ਐਫ ਦਾ ਅਧਿਕਾਰ ਖੇਤਰ ਵਧਾਏ ਜਾਣ ਵਾਲੇ ਮਾਰੂ ਫ਼ੈਸਲੇ ਵਿਰੁੱਧ ਸੜਕ ਤੋਂ ਸੰਸਦ ਤੱਕ ਇੱਕਜੁੱਟ ਲੜਾਈ ਲੜਨਾ ਜ਼ਰੂਰੀ ਹੈ,ਪ੍ਰੰਤੂ ਕੇਂਦਰ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਨੂੰ ਦੇਖਦੇ ਹੋਏ ਇਸ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੇ ਜਾਣਾ ਵੀ ਜ਼ਰੂਰੀ ਹੈ।