ਧਰਮ ਤੇ ਵਿਰਸਾ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾਲ ਛੇੜ ਛਾੜ ਕਰਨ ਵਾਲੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ

ਫ਼ੈਕ੍ਟ ਸਮਾਚਾਰ ਸੇਵਾ ਲੁਧਿਆਣਾ , ਜੁਲਾਈ 28

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੇ ਹੋਰ ਧਾਰਮਿਕ ਪੋਥੀਆਂ ਦੇ ਵਸਤਰ ਉਤਾਰਨ ਦੀ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਵਾਲੇ ਦਸਮੇਸ਼ ਨਗਰ ਦੇ ਵਾਸੀ ਜਸਪਾਲ ਸਿੰਘ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੇ ਇਹ ਮੁਕੱਦਮਾ ਢਿੱਲੋਂ ਨਗਰ ਪਿੰਡ ਡਾਬਾ ਲੋਹਾਰਾ ਦੇ ਰਹਿਣ ਵਾਲੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਚਤਰ ਸਿੰਘ ਦੇ ਬਿਆਨਾਂ ‘ਤੇ ਦਰਜ ਕੀਤਾ।

ਪੁਲਿਸ ਨੂੰ ਜਾਣਕਾਰੀ ਦਿੰਦਿਆਂ ਚਤਰ ਸਿੰਘ ਨੇ ਦੱਸਿਆ ਕਿ ਦਸਮੇਸ਼ ਨਗਰ ਗਲੀ ਨੰਬਰ 12 ‘ਚ ਪੈਂਦੇ ਬਾਬਾ ਵਿਸ਼ਵਕਰਮਾ ਗੁਰਦੁਆਰਾ ਸਾਹਿਬ ‘ਚ ਉਹ ਬਤੌਰ ਗ੍ਰੰਥੀ ਡਿਊਟੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ ਛੇ ਵਜੇ ਦੇ ਕਰੀਬ ਇੰਜ ਜਾਪਿਆ ਕਿ ਜਿਵੇਂ ਗੁਰਦੁਆਰਾ ਸਾਹਿਬ ਦੀ ਪਹਿਲੀ ਮੰਜ਼ਿਲ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ, ਉਥੇ ਕੋਈ ਵਿਅਕਤੀ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਉਹ ਜਿਵੇਂ ਹੀ ਅੰਦਰ ਦਾਖਲ ਹੋਇਆ ਉਸ ਦੇ ਹੋਸ਼ ਉੱਡ ਗਏ। ਇਕ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੇ ਸੁਸ਼ੋਭਿਤ ਹੋਰ ਧਾਰਮਿਕ ਪੁਸਤਕਾਂ ਦੇ ਵਸਤਰ ਉਤਾਰ ਕੇ ਫਰੋਲਾ ਫ਼ਰਾਲੀ ਕਰ ਰਿਹਾ ਸੀ। ਮੁਲਜ਼ਮ ਜਸਪਾਲ ਸਿੰਘ ਨੇ ਅਜਿਹਾ ਕਰ ਕੇ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਕੀਤੀ। ਗ੍ਰੰਥੀ ਚਤਰ ਸਿੰਘ ਨੇ ਹੋਰ ਵਿਅਕਤੀਆਂ ਦੀ ਮਦਦ ਨਾਲ ਗਲੀ ਨੰਬਰ 3 ਦਸਮੇਸ਼ ਨਗਰ ਦੇ ਵਾਸੀ ਜਸਪਾਲ ਸਿੰਘ ਨੂੰ ਮੌਕੇ ਤੋਂ ਹੀ ਕਾਬੂ ਕਰ ਕੇ ਪੁਲਿਸ ਹਵਾਲੇ ਕੀਤਾ। ਇਸ ਮਾਮਲੇ ‘ਚ ਥਾਣਾ ਡਵੀਜ਼ਨ ਨੰਬਰ 6 ਦੇ ਏਐੱਸਆਈ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਲਜ਼ਮ ਜਸਪਾਲ ਸਿੰਘ ਖ਼ਿਲਾਫ ਮੁਕੱਦਮਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।