ਵਿਦੇਸ਼

ਅਫਗਾਨਿਸਤਾਨ ਦੇ ਸ਼ੀਆ ਇਲਾਕੇ ‘ਚ ਬੰਬ ਧਮਾਕਾ : 7 ਦੀ ਮੌਤ; 10 ਜ਼ਖਮੀ

ਫੈਕਟ ਸਮਾਚਾਰ ਸੇਵਾ
ਹੇਰਾਤ, ਜਨਵਰੀ 23

ਅਫ਼ਗਾਨਿਸਤਾਨ ਦੇ ਪੱਛਮੀ ਸ਼ਹਿਰ ਹੇਰਾਤ ਵਿੱਚ ਇੱਕ ਮਿੰਨੀ ਵੈਨ ਵਿੱਚ ਹੋਏ ਬੰਬ ਧਮਾਕੇ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਚਾਰ ਔਰਤਾਂ ਵੀ ਸ਼ਾਮਲ ਹਨ। ਤਾਲਿਬਾਨ ਕਮਾਂਡਰ ਮੌਲਵੀ ਅੰਸਾਰੀ ਨੇ ਕਿਹਾ ਕਿ ਹਮਲੇ ‘ਚ 10 ਲੋਕ ਜ਼ਖਮੀ ਹੋਏ ਹਨ ਪਰ ਧਮਾਕੇ ਦੇ ਪਿੱਛੇ ਦਾ ਮਕਸਦ ਅਜੇ ਪਤਾ ਨਹੀਂ ਲੱਗ ਸਕਿਆ ਹੈ। ਅਜੇ ਤੱਕ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਸੀਕਰੇਟ ਡਿਪਾਰਟਮੈਂਟ ਦੇ ਬੁਲਾਰੇ ਸਾਬਿਤ ਹਾਰਵੇ ਨੇ ਕਿਹਾ, ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਵਿਸਫੋਟਕ ਯਾਤਰੀ ਵਾਹਨ ਦੇ ਤੇਲ ਟੈਂਕ ‘ਤੇ ਲਾਇਆ ਗਿਆ ਸੀ। ਹੇਰਾਤ ਵਿੱਚ ਇੱਕ ਸਿਹਤ ਅਧਿਕਾਰੀ ਨੇ ਦੱਸਿਆ ਕਿ 10 ਜ਼ਖ਼ਮੀਆਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ।

ਸ਼ੀਆ ਹਜ਼ਾਰਾ ਭਾਈਚਾਰਾ ਹੇਰਾਤ ਦੇ ਉਸ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਰਹਿੰਦਾ ਹੈ ਜਿੱਥੇ ਧਮਾਕਾ ਹੋਇਆ ਸੀ। ਇਹ ਭਾਈਚਾਰਾ ਅਕਸਰ ISIS ਅਤੇ ਇਸਲਾਮਿਕ ਸਟੇਟ ਇਨ ਖੋਰਾਸਾਨ (ISIS-K) ਦੇ ਅੱਤਵਾਦੀਆਂ ਦਾ ਨਿਸ਼ਾਨਾ ਰਹਿੰਦਾ ਹੈ। ਇਸ ਕਾਰਨ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਹਮਲੇ ਪਿੱਛੇ ਇਨ੍ਹਾਂ ਜਥੇਬੰਦੀਆਂ ਦਾ ਹੱਥ ਹੋ ਸਕਦਾ ਹੈ। ਹੇਰਾਤ ਅਫਗਾਨਿਸਤਾਨ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ, ਜੋ ਇਰਾਨ ਦੀ ਸਰਹੱਦ ਦੇ ਨੇੜੇ ਸਥਿਤ ਹੈ। ਇਹ ਸ਼ਹਿਰ ਅਫਗਾਨਿਸਤਾਨ ਦੇ ਹੋਰ ਖੇਤਰਾਂ ਦੇ ਮੁਕਾਬਲੇ ਕਾਫੀ ਸ਼ਾਂਤ ਮੰਨਿਆ ਜਾਂਦਾ ਹੈ।