View in English:
July 21, 2025 3:38 am

ਸਿਹਤ ਮੰਤਰੀ ਨੇ ਗਰੈਪਲਿੰਗ ਦੇ ਰਾਜ ਪੱਧਰੀ ਟੂਰਨਾਮੈਂਟ ਦੇ ਜੇਤੂ ਸਨਮਾਨਤ ਕੀਤੇ

ਫੈਕਟ ਸਮਾਚਾਰ ਸੇਵਾ

ਪਟਿਆਲਾ, ਜੁਲਾਈ 20

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਕਿਹਾ ਹੈ ਕਿ ਸਾਡੇ ਖਿਡਾਰੀ ਪੰਜਾਬ ਸਰਕਾਰ ਵੱਲੋਂ ਰਾਜ ਨੂੰ ਨਸ਼ਾ ਮੁਕਤ ਕਰਨ ਲਈ ਅਰੰਭੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਰੰਗਲਾ ਪੰਜਾਬ ਦੇ ਬ੍ਰਾਂਡ ਅੰਬੈਸਡਰ ਹਨ। ਸਿਹਤ ਮੰਤਰੀ ਅੱਜ ਇੱਥੇ ਪੰਜਾਬ ਗਰੈਪਲਿੰਗ ਕਮੇਟੀ ਵੱਲੋਂ ਪੀਐਮ ਸਰਕਾਰੀ ਮਲਟੀਪਰਪਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਗਏ ਗਰੈਪਲਿੰਗ (ਰੈਸਲਿੰਗ) ਦੇ ਰਾਜ ਪੱਧਰੀ ਟੂਰਨਾਮੈਂਟ ਦੇ ਜੇਤੂਆਂ ਨੂੰ ਸਨਮਾਨ ਕਰਨ ਪੁੱਜੇ ਹੋਏ ਸਨ।

ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ 114 ਸਾਲਾਂ ਦੇ ਮੈਰਾਥਾਨ ਰਨਰ ਫ਼ੌਜਾ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਫ਼ੌਜਾ ਸਿੰਘ ਸਾਡੇ ਖਿਡਾਰੀਆਂ ਅਤੇ ਨੌਜਵਾਨਾਂ ਦੇ ਸਦਾ ਰੋਲ ਮਾਡਲ ਬਣੇ ਰਹਿਣਗੇ, ਇਸ ਲਈ ਸਾਰੇ ਨੌਜਵਾਨ ਦਬਾਅ ਕੇ ਮਿਹਨਤ ਕਰਨ ਅਤੇ ਖੇਡਾਂ ਵਿੱਚ ਨਾਮਣਾ ਖੱਟਣ। ਉਨ੍ਹਾਂ ਦੱਸਿਆ ਕਿ ਹੁਣ ਮੈਡੀਕਲ ਤੇ ਇੰਜੀਨੀਅਰਿੰਗ ਸਮੇਤ ਹੋਰ ਕਿੱਤਿਆਂ ਦੀ ਤਰ੍ਹਾਂ ਪੰਜਾਬ ਸਰਕਾਰ ਦੀ ਸਿੱਖਿਆ ਤੇ ਖੇਡ ਨੀਤੀ ਕਰਕੇ ਖੇਡਾਂ ਵੀ ਹੁਣ ਚੰਗਾ ਕੈਰੀਅਰ ਬਣ ਗਈਆਂ ਹਨ, ਜਿਸ ਲਈ ਨੌਜਵਾਨ ਮੈਡਲ ਜਿੱਤ ਕੇ ਲਿਆਉਣ ਤਾਂ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਉਨ੍ਹਾਂ ਨੂੰ ਨੌਕਰੀਆਂ ਵੀ ਦੇਵੇਗੀ ਅਤੇ ਨਗ਼ਦ ਇਨਾਮ ਵੀ ਦੇਵੇਗੀ।

ਡਾ. ਬਲਬੀਰ ਸਿੰਘ ਨੇ ਰਾਜ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਅਤੇ ਰੰਗਲਾ ਪੰਜਾਬ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਪੰਜਾਬ ਦੇ ਹਰ ਪਿੰਡ ਚ ਖੇਡ ਦੇ ਮੈਦਾਨ ਬਣਾਏ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਆਉਣ ਵਾਲੀਆਂ ਪੀੜ੍ਹੀਆਂ ਲਈ ਲੜਾਈ ਲੜ ਰਹੀ ਹੈ, ਜਿਸ ਲਈ ਸਾਰੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਕੇ ਖੇਡਾਂ ਤੇ ਹੋਰ ਗਤੀਵਿਧੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ।ਉਨ੍ਹਾਂ ਨੇ ਹਾਕੀ ਤੇ ਕ੍ਰਿਕਟ ਸਮੇਤ ਕਈ ਹੋਰ ਖੇਡਾਂ ਦੇ ਨਾਮਵਰ ਪੰਜਾਬੀ ਖਿਡਾਰੀਆਂ ਦਾ ਜਿਕਰ ਕਰਦਿਆਂ ਕਿਹਾ ਕਿ ਸਾਡੇ ਖਿਡਾਰੀਆਂ ਨੇ ਪੰਜਾਬ ਦਾ ਨਾਮ ਕੌਮੀ ਤੇ ਕੌਮਾਂਤਰੀ ਪੱਧਰ ਉਤੇ ਚਮਕਾਇਆ ਹੈ। ਪੰਜਾਬ ਗਰੈਪਲਿੰਗ ਕਮੇਟੀ ਦੇ ਚੇਅਰਮੈਨ ਸ਼ੁਭਮ ਚੌਧਰੀ ਅਤੇ ਪੰਜਾਬ ਪ੍ਰਧਾਨ ਅਕਸ਼ੇ ਤਿਵਾੜੀ ਨੇ ਦੱ‌ਸਿਆ ਕਿ ਰੈਸਲਿੰਗ ਫੈਡਰੇਸ਼ਨ ਆਫ਼ ਇੰਡੀਆ ਦੀ ਰਹਿਨੁਮਾਈ ਹੇਠ ਰਾਜ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਨ੍ਹਾਂ ਦੀ ਜਥੇਬੰਦੀ ਵੱਲੋਂ ਗਰੈਪਲਿੰਗ ਰੈਸਲਿੰਗ ਦੀ ਤਰ੍ਹਾਂ ਦੀ ਹੀ ਇੱਕ ਜਾਨਦਾਰ ਖੇਡ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਸ ਤੋਂ ਪਹਿਲਾਂ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਸਨ ਅਤੇ ਹੁਣ ਦੋ ਰੋਜ਼ਾ ਸੂਬਾ ਪੱਧਰੀ ਮੁਕਾਬਲੇ ਕਰਵਾਏ ਹਨ।ਉਨ੍ਹਾਂ ਦੱਸਿਆ ਕਿ ਵੱਖ-ਵੱਖ ਭਾਰ ਵਰਗ ਦੇ ਨੌਜਵਾਨਾਂ ਨੇ ਰਾਜ ਭਰ ਤੋਂ ਇੱਥੇ ਪੁੱਜਕੇ ਬਹੁਤ ਜੋਸ਼ ਨਾਲ ਇਨ੍ਹਾਂ ਖੇਡਾਂ ਵਿੱਚ ਹਿੱਸਾ ਲਿਆ ਹੈ ਅਤੇ ਇੱਥੋਂ ਦੇ ਜੇਤੂ ਹੁਣ ਕੌਮੀ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਵਿਜੇ ਕਪੂਰ ਨੇ ਵੀ ਸਿਹਤ ਮੰਤਰੀ ਦਾ ਸਵਾਗਤ ਕੀਤਾ।

Leave a Reply

Your email address will not be published. Required fields are marked *

View in English