ਦੇਸ਼-ਦੁਨੀਆ

ਦਿੱਲੀ ਦੇ ਜਹਾਂਗੀਰਪੁਰੀ ‘ਚ ਹਨੂੰਮਾਨ ਜਨਮ ਉਤਸਵ ਸਮਾਗਮ ‘ਤੇ ਪਥਰਾਅ ਕਰਨ ਵਾਲੇ 9 ਗ੍ਰਿਫ਼ਤਾਰ

ਡੀਸੀਪੀ ਨੇ ਕਿਹਾ- ਗੋਲੀ ਲੱਗਣ ਨਾਲ ਸਬ-ਇੰਸਪੈਕਟਰ ਜ਼ਖ਼ਮੀ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਅਪ੍ਰੈਲ 17

ਸ਼ਨੀਵਾਰ ਨੂੰ ਦਿੱਲੀ ਦੇ ਜਹਾਂਗੀਰਪੁਰੀ ‘ਚ ਹਨੂੰਮਾਨ ਜਨਮ ਉਤਸਵ ਦੇ ਜਲੂਸ ‘ਚ ਪਥਰਾਅ ਦੇ ਨਾਲ-ਨਾਲ ਗੋਲੀਬਾਰੀ ਵੀ ਹੋਈ। ਡੀਸੀਪੀ ਉੱਤਰੀ ਪੱਛਮੀ ਊਸ਼ਾ ਰੰਗਨਾਨੀ ਨੇ ਦੱਸਿਆ ਕਿ ਹਿੰਸਾ ਵਿੱਚ ਅੱਠ ਪੁਲੀਸ ਮੁਲਾਜ਼ਮ ਅਤੇ ਇੱਕ ਨਾਗਰਿਕ ਜ਼ਖ਼ਮੀ ਹੋ ਗਿਆ। ਇੱਕ ਸਬ-ਇੰਸਪੈਕਟਰ ਨੂੰ ਦੰਗਾਕਾਰੀਆਂ ਨੇ ਗੋਲੀ ਮਾਰ ਦਿੱਤੀ ਹੈ। ਉਹ ਹਸਪਤਾਲ ਵਿੱਚ ਭਰਤੀ ਹੈ ਅਤੇ ਉਸਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ।

ਉਨ੍ਹਾਂ ਕਿਹਾ, ਸ਼ਰਾਰਤੀ ਅਨਸਰਾਂ ਨੇ ਇੱਥੇ ਵੀ ਅੱਗਜ਼ਨੀ ਸ਼ੁਰੂ ਕਰ ਦਿੱਤੀ। ਤਲਵਾਰਾਂ ਅਤੇ ਗੋਲੀਆਂ ਵੀ ਚਲਾਈਆਂ ਗਈਆਂ। ਇਸ ਮਾਮਲੇ ‘ਚ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ ਇਲਾਕੇ ‘ਚ ਤਣਾਅ ਹੈ ਪਰ ਸਥਿਤੀ ਨੂੰ ਕਾਬੂ ‘ਚ ਕਰ ਲਿਆ ਗਿਆ ਹੈ। ਆਰਏਐਫ ਦੀਆਂ ਦੋ ਕੰਪਨੀਆਂ ਉੱਥੇ ਤਾਇਨਾਤ ਕੀਤੀਆਂ ਗਈਆਂ ਹਨ। ਦਿੱਲੀ ਦੇ ਸਾਰੇ ਸੰਵੇਦਨਸ਼ੀਲ ਖੇਤਰਾਂ ਵਿੱਚ ਪੁਲਿਸ ਤਾਇਨਾਤ ਹੈ ਅਤੇ ਇੱਥੇ ਹਾਈ ਅਲਰਟ ਹੈ। ਪੁਲਿਸ ਟੀਮ ਨੇ ਇਲਾਕੇ ਦੀਆਂ ਕਈ ਵੀਡੀਓ ਫੁਟੇਜ ਹਾਸਲ ਕੀਤੀਆਂ ਹਨ। ਇਨ੍ਹਾਂ ਵਿੱਚੋਂ ਕੁਝ ਲੋਕਾਂ ਦੀ ਪਛਾਣ ਵੀ ਹੋ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਦਿੱਲੀ ਪੁਲਿਸ ਨੇ ਦੰਗਿਆਂ ਦੀ ਜਾਂਚ ਲਈ 10 ਟੀਮਾਂ ਦਾ ਗਠਨ ਕੀਤਾ ਹੈ। ਮਾਮਲੇ ਦੀ ਜਾਂਚ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤੀ ਗਈ ਹੈ।