ਖੇਡ

ਥੌਮਸ ਕੱਪ ਚ ਭਾਰਤ ਨੇ ਨੀਦਰਲੈਂਡਜ਼ ਨੂੰ 5-0 ਨਾਲ ਹਰਾਇਆ

ਫ਼ੈਕ੍ਟ ਸਮਾਚਾਰ ਸੇਵਾ
ਆਰਹਸ ਅਕਤੂਬਰ 12

ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਗਰੁੱਪ ‘ਸੀ’ ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਨੀਦਰਲੈਂਡ ਨੂੰ 5-0 ਨਾਲ ਹਰਾ ਕੇ ਥੌਮਸ ਕੱਪ ਫਾਈਨਲ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ। ਬੀਤੀ ਰਾਤ ਖੇਡੇ ਗਏ ਮੁਕਾਬਲੇ ਵਿੱਚ ਕਿਦੰਬੀ ਸ੍ਰੀਕਾਂਤ ਨੇ ਪੁਰਸ਼ ਸਿੰਗਲਜ਼ ਵਿੱਚ ਜੋਰਾਨ ਕਵੀਕਲ ਨੂੰ 21-12, 21-14 ਨਾਲ ਹਰਾ ਕੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ। ਇਸ ਮਗਰੋਂ ਸਾਤਵਿਕਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈਟੀ ਦੀ ਡਬਲਜ਼ ਜੋੜੀ ਨੇ ਰੂਬੇਨ ਜਿੱਲ ਅਤੇ ਟਾਈਸ ਵਾਨ ਡਰ ਲੈਕ ਨੂੰ 21-19, 21-12 ਨਾਲ ਹਰਾ ਕੇ ਭਾਰਤ ਨੂੰ 2-0 ਨਾਲ ਅੱਗੇ ਕਰ ਦਿੱਤਾ। ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗ਼ਮਾ ਜੇਤੂ ਬੀ. ਸਾਈ ਪ੍ਰਣੀਤ ਨੇ ਦੂਜੇ ਸਿੰਗਲਜ਼ ਮੈਚ ਵਿੱਚ ਰੌਬਿਨ ਮੈਸਮੈਨ ਨੂੰ 21-4, 21-12 ਨਾਲ ਹਰਾ ਕੇ ਭਾਰਤ ਨੂੰ 3-0 ਦੀ ਲੀਡ ਦਿਵਾਈ। ਐੱਮਆਰ ਅਰਜੁਨ ਅਤੇ ਧਰੁਵ ਕਪਿਲਾ ਨੇ ਦੂਜੇ ਡਬਲਜ਼ ਮੁਕਾਬਲੇ ਵਿੱਚ ਐਂਡੀ ਬੁਈਜਕ ਅਤੇ ਬਰਾਇਨ ਵਾਸਿੰਕ ਨੂੰ 21-12, 21-13 ਨਾਲ ਹਰਾਇਆ, ਜਦਕਿ ਸਮੀਰ ਵਰਮਾ ਨੇ ਤੀਜੇ ਅਤੇ ਆਖ਼ਰੀ ਸਿੰਗਲਜ਼ ਮੈਚ ਵਿੱਚ ਗਿਜ ਡਿਊਜ਼ ਨੂੰ 21-6, 21-11 ਨਾਲ ਸ਼ਿਕਸਤ ਦਿੱਤੀ।