ਪੰਜਾਬ

10 ਕਾਂਗਰਸ ਵਿਧਾਇਕ ਅਮਰਿੰਦਰ ਦੇ ਹੱਕ ‘ਚ ਡਟੇ , ਸਿੱਧੂ ਤੋਂ ਮਾਫ਼ੀ ਦੀ ਕੀਤੀ ਮੰਗ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ, ਜੁਲਾਈ 18

ਪੰਜਾਬ ਦੇ 10 ਵਿਧਾਇਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਡੱਟਦਿਆਂ ਕਿਹਾ ਹੈ ਕਿ ਕੈਪਟਨ ਦੀ ਭੂਮਿਕਾ ਨੂੰ ਨਜ਼ਰ ਅੰਦਾਜ ਨਾ ਕੀਤਾ ਜਾਵੇ । ਇਨ੍ਹਾਂ ਨੇ ਨਵਜੋਤ ਸਿੱਧੂ ਤੋਂ ਜਨਤਕ ਮਾਫ਼ੀ ਦੀ ਵੀ ਮੰਗ ਕੀਤੀ ਹੈ। ਇਨ੍ਹਾਂ 10 ਵਿਧਾਇਕਾਂ ’ਚ ਸੁਖਪਾਲ ਸਿੰਘ ਖਹਿਰਾ, ਹਰਮਿੰਦਰ ਗਿੱਲ (ਪੱਟੀ), ਫਤਿਹਜੰਗ ਬਾਜਵਾ (ਕਾਦੀਆਂ), ਕੁਲਦੀਪ ਗਿੱਲ, ਬਲਵਿੰਦਰ ਲਾਡੀ, ਸੰਤੋਖ ਸਿੰਘ, ਜਗਦੇਵ ਕਮਾਲੂ ਆਦਿ ਸ਼ਾਮਲ ਹਨ।

ਇਹਨਾਂ ਵਿਧਾਇਕਾਂ ਨੇ ਕਿਹਾ ਹੈ ਕਿ 1984 ਵਿਚ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਅਤੇ ਇਸ ਮਗਰੋਂ ਹੋਈ ਸਿੱਖ ’ਨਸਲਕੁਸ਼ੀ’ ਤੋਂ ਬਾਅਦ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਬਦੌਲਤ ਹੀ ਕਾਂਗਰਸ ਪੰਜਾਬ ਵਿਚ ਮੁੜ ਸੱਤਾ ਵਿਚ ਆਈ ਸੀ। ਇਹਨਾਂ ਆਗੂਆਂ ਨੇ ਹਾਈ ਕਮਾਂਡ ਨੂੰ 1984 ਵਿਚ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਮਗਰੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤਾ ਅਸਤੀਫਾ ਵੀ ਚੇਤੇ ਕਰਵਾਇਆ।

ਇੱਕ ਬਿਆਨ ਜਾਰੀ ਕਰਦੇ ਹੋਏ 10 ਕਾਂਗਰਸੀ ਵਿਧਾਇਕਾਂ ਨੇ ਪਾਰਟੀ ਹਾਈ ਕਮਾਂਡ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਪਾਰਟੀ ਨੂੰ ਮਜਬੂਤ ਕਰਨ ਲਈ ਅਣਥੱਕ ਕੋਸ਼ਿਸ਼ਾਂ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਨੀਵਾਂ ਨਾ ਦਿਖਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੂਬੇ ਦੇ ਕਾਂਗਰਸ ਪ੍ਰਧਾਨ ਨੂੰ ਨਿਯੁਕਤ ਕਰਨ ਦਾ ਅਧਿਕਾਰ ਪਾਰਟੀ ਹਾਈ ਕਮਾਂਡ ਕੋਲ ਹੈ ਪਰੰਤੂ ਪਿਛਲੇ ਕੁਝ ਮਹੀਨਿਆਂ ਦੋਰਾਨ ਪਾਰਟੀ ਦਾ ਝਗੜਾ ਲੋਕਾਂ ਸਾਹਮਣੇ ਆਉਣ ਕਾਰਨ ਪਾਰਟੀ ਦੇ ਗਰਾਫ ਵਿੱਚ ਗਿਰਾਵਟ ਆਈ ਹੈ।

ਵਿਧਾਇਕਾਂ ਨੇ ਕਿਹਾ ਕਿ 1984 ਦਰਬਾਰ ਸਾਹਿਬ ਤੇ ਹੋਏ ਹਮਲੇ ਅਤੇ ਉਪਰੰਤ ਦਿੱਲੀ ਅਤੇ ਦੇਸ਼ ਭਰ ਵਿੱਚ ਹੋਏ ਸਿੱਖ ਕਤਲੇਆਮ ਤੋਂ ਬਾਅਦ ਇਹ ਕੈਪਟਨ ਅਮਰਿੰਦਰ ਸਿੰਘ ਹੀ ਸਨ ਜਿਹਨਾਂ ਕਰਕੇ ਪਾਰਟੀ ਪੰਜਾਬ ਵਿੱਚ ਮੁੜ ਸੱਤਾ ਹਾਸਿਲ ਕਰ ਸਕੀ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਵੱਖ ਵੱਖ ਵਰਗਾਂ ਵਿਸ਼ੇਸ਼ ਤੋਰ ਉੱਪਰ ਕਿਸਾਨਾਂ ਦਰਮਿਆਨ ਬੇਹੱਦ ਸਤਿਕਾਰ ਰੱਖਦੇ ਹਨ ਜਿਹਨਾਂ ਕਰਕੇ ਉਹਨਾਂ ਨੇ 2004 ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟ ਐਕਟ ਪਾਸ ਕਰਨ ਸਮੇਂ ਆਪਣੀ ਮੁੱਖ ਮੰਤਰੀ ਦੀ ਕੁਰਸੀ ਖਤਰੇ ਵਿੱਚ ਪਾ ਦਿੱਤੀ ਸੀ।