View in English:
April 20, 2024 12:40 am

ਵਿਧਾਨ ਸਭਾ ਸਪੀਕਰ ਵੱਲੋਂ 7ਵੀਂ ਪੰਜਾਬ ਰਾਜ ਗੱਤਕਾ ਚੈਪੀਅਨਸ਼ਿਪ-2022 ਦਾ ਉਦਘਾਟਨ

ਫੈਕਟ ਸਮਾਚਾਰ ਸੇਵਾ

ਐਸ.ਏ.ਐਸ.ਨਗਰ, ਨਵੰਬਰ 24

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਵੱਲੋਂ ਅੱਜ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੀ ਅਗਵਾਈ ਹੇਠ ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਸਪ੍ਰੋਟਸ ਕੰਪਲੈਕਸ, ਗੁਰੂ ਗੋਬਿੰਦ ਸਿੰਘ ਵਿੱਦਿਆ ਮੰਦਰ ਸੀਨੀਅਰ ਸੰਕੈਡਰੀ ਸਕੂਲ, ਗੁਰਦੁਆਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ, ਮੋਹਾਲੀ ਵਿੱਚ ਕਰਵਾਈ ਜਾ ਰਹੀ 7ਵੀਂ ਰਾਜ ਗੱਤਕਾ ਚੈਂਪੀਅਨਸ਼ਿਪ-2022 ਦਾ ਉਦਘਾਟਨ ਕੀਤਾ ਗਿਆ। ਸਪੀਕਰ ਸੰਧਵਾਂ ਦਾ ਗੁਰਦੁਆਰਾ ਈਸ਼ਰ ਪ੍ਰਕਾਸ ਰਤਵਾੜਾ ਸਾਹਿਬ ਵਿਖੇ ਮੁੱਖ ਮਹਿਮਾਨ ਵੱਜੋ ਆਉਂਣ ਤੇ ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ। ਇਹ 7ਵੀਂ ਰਾਜ ਗੱਤਕਾ ਚੈਪੀਅਨਸ਼ਿਪ-2022 ਜੋ ਕੇ 24 ਅਤੇ 25 ਨਵੰਬਰ ਦੌਰਾਨ ਹੋਵੇਗੀ। ਇਸ ਚੈਪੀਅਨਸ਼ਿਪ ਵਿਚ ਸਬ-ਜੂਨੀਅਰ ਅਤੇ ਸੀਨੀਅਰ ਲੜਕੇ ਅਤੇ ਲੜਕੀਆਂ ਉਮਰ ਵਰਗ 14,17, 19, 22,25 ਅਤੇ 28 ਖਿਡਾਰੀਆਂ ਵੱਲੋਂ ਭਾਗ ਲਿਆ ਜਾ ਰਿਹਾ ਹੈ।

ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਵੱਲੋਂ ਖਿਡਾਰੀਆ ਨੂੰ ਸੰਬੋਧਨ ਕਰਦਿਆ ਕਿਹਾ ਕਿ ਗੱਤਕਾ ਖੇਡ ਪੰਜਾਬ ਦੀ ਇਤਿਹਾਸਕ ਖੇਡ ਹੈ। ਉਨ੍ਹਾਂ ਕਿਹਾ ਕਿ ਇਹ ਖੇਡ ਸਾਨੂੰ ਆਪਣੇ ਗੁਰੂਆਂ ਤੋਂ ਆਸੀਰਵਾਦ ਵਜੋਂ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਹਰ ਇੱਕ ਖਿਡਾਰੀ ਨੂੰ ਅਨੁਸ਼ਾਸਨ ਦੀ ਪਾਲਣਾ ਕਰਦੇ ਹੋਏ ਇਹ ਖੇਡ ਖੇਡਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਖੇਡ ਦੇ ਖਿਡਾਰੀਆਂ ਵਿਚ ਇਕ ਵੱਖਰਾ ਹੀ ਜੋਸ਼ ਵੇਖਣ ਨੂੰ ਮਿਲਦਾ ਹੈ। ਇਸ ਮੌਕੇ ਉਨ੍ਹਾਂ ਨੇ ਖਿਡਾਰੀਆ ਨੂੰ ਬਾਣੀ ਅਤੇ ਬਾਣੇ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਪੀਕਰ ਵੱਲੋਂ ਪੰਜਾਬ ਗੱਤਕਾ ਐਸੋਸੀਏਸ਼ਨ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਗੱਤਕਾ ਖਿਡਾਰੀਆਂ ਨੂੰ ਪੰਜਾਬ ਵਿਧਾਨ ਸਭਾ ਵਿਖੇ ਆਉਣ ਦਾ ਸੱਦਾ ਵੀ ਦਿੱਤਾ। ਇਸ ਉਪਰੰਤ ਗੱਤਕਾ ਖਿਡਾਰੀਆਂ ਵੱਲੋਂ ਗੱਤਕਾ ਖੇਡ ਦਾ ਵੱਖ-ਵੱਖ ਰੂਪਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ।

ਇਹ ਗੱਤਕਾ ਚੈਪੀਅਨਸ਼ਿਪ ਵਿਸ਼ਵ ਗੁਰਮਤਿ ਰੁਹਾਨੀ ਮਿਸ਼ਨ ਚੈਰੀਟੇਬਲ ਟਰੱਸਟ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ,ਜਿਲ੍ਹਾ ਗੱਤਕਾ ਐਸੋਸੀਏਸ਼ਨ ਮੋਹਾਲੀ ਅਤੇ ਖਾਲਸਾ ਅਕਾਲ ਪੁਰਖ ਕੀ ਫੌਜ ਗੱਤਕਾ ਅਕੈਡਮੀ ਕੁਰਾਲੀ ਦੇ ਵਿਸ਼ੇਸ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ।

ਇਸ ਮੌਕੇ ਐਸ.ਡੀ.ਐਮ. ਖਰੜ ਰਵਿੰਦਰ ਸਿੰਘ, ਸੰਤ ਬਾਬਾ ਲਖਵੀਰ ਸਿੰਘ , ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ, ਪੰਜਾਬ ਗੱਤਕਾ ਐਸੋਸ਼ੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਸੋਹਲ, ਗੱਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ, ਪੰਜਾਬ ਗੱਤਕਾ ਐਸੋਸੀਏਸ਼ਨ ਦੇ ਉਪ ਪ੍ਰਧਾਨ ਦਵਿੰਦਰ ਸਿੰਘ, ਵਿੱਤ ਸਕੱਤਰ ਕੁਲਦੀਪ ਸਿੰਘ, ਜੁਆਇੰਟ ਸਕੱਤਰ ਜਗਕਿਰਨ ਕੌਰ ਵੜੈਚ, ਵੇਰਕਾ ਮਿਲਕ ਪਲਾਂਟ ਦੇ ਜਨਰਲ ਮੈਨੇਜਰ ਉੱਤਮ ਕੁਮਾਰ,ਕੁਆਡੀਨੇਟਰ ਜਗਦੀਸ਼ ਸਿੰਘ ਕੁਰਾਲੀ, ਗੱਤਕਾ ਖਿਡਾਰੀ ਅਤੇ ਖੇਡ ਪ੍ਰੇਮੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Leave a Reply

Your email address will not be published. Required fields are marked *

View in English