View in English:
February 27, 2025 7:32 pm

ਵਿਧਾਇਕ ਅਜੀਤਪਾਲ ਕੋਹਲੀ ਨੇ ਲੈਫ਼ਟੀਨੈਂਟ ਕੁਲਦੀਪ ਸਿੰਘ ਆਹਲੂਵਾਲੀਆ ਦੀ ਯਾਦਗਾਰ ਕੀਤੀ ਸਮਰਪਿਤ

ਫੈਕਟ ਸਮਾਚਾਰ ਸੇਵਾ

ਪਟਿਆਲਾ, ਫਰਵਰੀ 27

ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ 1965 ਦੀ ਭਾਰਤ-ਪਾਕਿ ਜੰਗ ਦੇ ਨਾਇਕ, 7ਵੀਂ ਪੰਜਾਬ ਰੈਜੀਮੈਂਟ (ਹੁਣ 8 ਮੈਕ) ਦੇ ਜੰਗੀ ਸ਼ਹੀਦ ਲੈਫ਼ਟੀਨੈਂਟ ਕੁਲਦੀਪ ਸਿੰਘ ਆਹਲੂਵਾਲੀਆ (ਸੈਨਾ ਮੈਡਲ) (26 ਜੂਨ, 1942 – 18 ਸਤੰਬਰ, 1965) ਦੇ ਇੱਥੇ ਐਨਆਈਐਸ ਚੌਕ ਵਿਖੇ ਸਥਾਪਤ ਕੀਤੇ ਗਏ ਬੁੱਤ ਅਤੇ ਸ਼ਹੀਦ ਸਮਾਰਕ ਦਾ ਉਦਘਾਟਨ ਕੀਤਾ।
ਜੰਗੀ ਸ਼ਹੀਦ ਦੀ ਯਾਦਗਾਰ ਪਟਿਆਲਾ ਦੇ ਨਾਗਰਿਕਾਂ ਨੂੰ ਸਮਰਪਿਤ ਕਰਦੇ ਹੋਏ, ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਲੈਫਟੀਨੈਂਟ ਆਹਲੂਵਾਲੀਆ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਲੈਫ਼ਟੀਨੈਂਟ ਆਹਲੂਲਵਾਲੀਆ ਨੇ 18 ਸਤੰਬਰ, 1965 ਨੂੰ ਲਾਹੌਰ ਸੈਕਟਰ ਦੇ ਇਚੋਗਿਲ ਨਹਿਰ ‘ਤੇ ਦੇਸ਼ ਦੀ ਰੱਖਿਆ ਕਰਦੇ ਹੋਏ 23 ਸਾਲ ਦੀ ਛੋਟੀ ਉਮਰ ਵਿੱਚ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸ਼ਹੀਦ ਦੇਸ਼ ਦੇ ਸੱਚੇ ਨਾਇਕ ਅਤੇ ਸਾਡਾ ਸਰਮਾਇਆ ਹਨ, ਅਤੇ ਅਜਿਹੇ ਮਹਾਨ ਸ਼ਹੀਦ ਦੀ ਇਸ ਯਾਦਗਾਰ ਦੀ ਸਥਾਪਨਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਕੰਮ ਕਰੇਗੀ।
ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਅੱਗੇ ਕਿਹਾ ਕਿ, ”ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਾਡੇ ਬਹਾਦਰ ਸੈਨਿਕਾਂ ਦੀਆਂ ਕੁਰਬਾਨੀਆਂ ਦਾ ਸਨਮਾਨ ਕਰਨ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਲੈਫਟੀਨੈਂਟ ਆਹਲੂਵਾਲੀਆ ਵਰਗੇ ਜੰਗੀ ਨਾਇਕਾਂ ਦੇ ਯੋਗਦਾਨ ਨੂੰ ਮਾਨਤਾ ਨਹੀਂ ਦਿੱਤੀ ਜਦੋਂਕਿ, ਮੌਜੂਦਾ ਸਰਕਾਰ ਨੇ ਸਾਡੇ ਬਹਾਦਰ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਣਦਾ ਸਤਿਕਾਰ ਦੇਣ ਲਈ ਇਹ ਕਦਮ ਚੁੱਕਿਆ ਹੈ।” ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਯਾਦਗਾਰ ਲੈਫਟੀਨੈਂਟ ਕੁਲਦੀਪ ਸਿੰਘ ਆਹਲੂਵਾਲੀਆ ਦੀ ਦੇਸ਼ ਪ੍ਰਤੀ ਅਦੁੱਤੀ ਭਾਵਨਾ ਅਤੇ ਸ਼ਹਾਦਤ ਦਾ ਪ੍ਰਮਾਣ ਹੈ, ਜੋ ਕਿ ਉਨ੍ਹਾਂ ਦੀ ਕੁਰਬਾਨੀ ਦੀ ਯਾਦ ਪਟਿਆਲਾ ਵਾਸੀਆਂ ਨੂੰ ਸਦਾ ਕਰਵਾਉਂਦੀ ਰਹੇਗੀ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਸਦਾ ਪ੍ਰੇਰਿਤ ਕਰਦੀ ਰਹੇਗੀ।

ਲੈਫਟੀਨੈਂਟ ਕੁਲਦੀਪ ਸਿੰਘ ਆਹਲੂਵਾਲੀਆ ਦੇ ਪਰਿਵਾਰਕ ਮੈਂਬਰਾਂ, ਜਸਵੰਤ ਸਿੰਘ ਆਹਲੂਵਾਲੀਆ, ਗੁਰਮੀਤ ਸਿੰਘ ਆਹਲੂਵਾਲੀਆ, ਪਰਮਜੀਤ ਸਿੰਘ ਆਹਲੂਵਾਲੀਆ, ਜ਼ਿਲ੍ਹਾ ਅਟਾਰਨੀ ਅਨਮੋਲਜੀਤ ਸਿੰਘ ਅਤੇ ਆਰ.ਐਸ. ਸਿੱਧੂ, ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੰਬੇ ਸਮੇਂ ਤੋਂ ਉਡੀਕ ਸਮਾਪਤ ਕਰਦਿਆਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਯਾਦ ਨੂੰ ਸਦੀਵੀ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਪਲ ਉਨ੍ਹਾਂ ਵਾਸਤੇ ਮਾਣ ਵਾਲੇ ਹਨ, ਜਿਸ ਕਰਕੇ ਇਸ ਮਹੱਤਵਪੂਰਨ ਪਹਿਲਕਦਮੀ ਲਈ ਉਹ ਪੰਜਾਬ ਸਰਕਾਰ ਅਤੇ ਨਗਰ ਨਿਗਮ ਦੇ ਸਦਾ ਰਿਣੀ ਰਹਿਣਗੇ।
ਇਸ ਮੌਕੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਤੇ ਡਿਪਟੀ ਮੇਅਰ ਜਗਦੀਪ ਸਿੰਘ ਜੱਗਾ, ਮਾਰਕੀਟ ਕਮੇਟੀ ਘਨੌਰ ਦੇ ਮਨੋਨੀਤ ਚੇਅਰਮੈਨ ਜਰਨੈਲ ਮੰਨੂ, ਨਗਰ ਨਿਗਮ ਦੇ ਕਮਿਸ਼ਨਰ ਡਾ. ਰਜਤ ਓਬਰਾਏ, ਇਲਾਕੇ ਦੇ ਕੌਂਸਲਰ ਰਵਿੰਦਰ ਪਾਲ ਰਿੱਕੀ, ਵਿਨੋਦ ਸਿੰਗਲਾ, ਸਾਗਰ ਧਾਲੀਵਾਲ, ਜਸਬੀਰ ਸਿੰਘ ਗਾਂਧੀ, ਹਰਪਾਲ ਸਿੰਘ ਬਿੱਟੂ, ਜਸਬੀਰ ਸਿੰਘ ਬਿੱਟੂ, ਜਗਤਾਰ ਜੱਗੀ, ਭਾਰਤੀ ਫੌਜ ਦੇ ਕਰਨਲ ਵਿਨੋਦ ਸਿੰਘ ਰਾਵਤ, ਫ਼ੌਜੀ ਵੈਟਰਨ ਲੈਫਟੀਨੈਂਟ ਜਨਰਲ ਐਨ.ਪੀ.ਐਸ. ਹੀਰਾ, ਮੇਜਰ ਜਨਰਲ ਏ.ਡੀ.ਐਸ. ਗਰੇਵਾਲ, ਮੇਜਰ ਜਨਰਲ ਰਾਜੇਸ਼ ਬਾਵਾ, ਕਰਨਲ ਗੁਰਬਖਸ਼ ਸਿੰਘ, ਕਰਨਲ ਇੰਦਰ ਸਿੰਘ, ਕਰਨਲ ਹਰਚਰਨ ਸਿੰਘ, ਕਰਨਲ ਐਨ.ਐਸ. ਸਿੱਧੂ, ਮੇਜਰ ਐਚ.ਐਸ. ਸਿੱਧੂ, ਕੈਪਟਨ ਅਮਰਜੀਤ ਸਿੰਘ ਜੇਜੀ, ਜ਼ਿਲ੍ਹਾ ਸੈਨਿਕ ਭਲਾਈ ਅਫ਼ਸਰ ਕਮਾਂਡਰ ਬੀ.ਐਸ. ਵਿਰਕ ਵੀ ਸ਼ਰਧਾਂਜਲੀ ਦੇਣ ਲਈ ਪੁੱਜੇ ਹੋਏ ਸਨ।

Leave a Reply

Your email address will not be published. Required fields are marked *

View in English