View in English:
April 24, 2024 7:57 am

ਮੀਤ ਹੇਅਰ ਵਲੋਂ ਭਾਸ਼ਾ ਵਿਭਾਗ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਦਾ ਲੋਗੋ ਜਾਰੀ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਦਸੰਬਰ 31

ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਦਾ ਲੋਗੋ ਜਾਰੀ ਕੀਤਾ ਗਿਆ। ਭਾਸ਼ਾ ਵਿਭਾਗ ਪਹਿਲੀ ਜਨਵਰੀ 2023 ਨੂੰ ਆਪਣੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ ਅਤੇ ਇਸ ਦਿਨ ਮੁੱਖ ਦਫਤਰ ਭਾਸ਼ਾ ਭਵਨ ਪਟਿਆਲਾ ਸਾਰੇ ਜ਼ਿਲਾ ਭਾਸ਼ਾ ਦਫ਼ਤਰਾਂ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ।

ਮੀਤ ਹੇਅਰ ਨੇ ਦੱਸਿਆ ਕਿ 1 ਜਨਵਰੀ 1948 ਨੂੰ ਪੰਜਾਬੀ ਸੈਕਸ਼ਨ ਦੇ ਨਾਂ ਨਾਲ ਸਥਾਪਿਤ ਹੋਇਆ ਇਹ ਵਿਭਾਗ ਸਾਲ 1949 ਵਿਚ ਮਹਿਕਮਾ ਪੰਜਾਬੀ ਅਤੇ ਫੇਰ ਸਾਲ 1956 ਤੋਂ ਭਾਸ਼ਾ ਵਿਭਾਗ, ਪੰਜਾਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ।ਵਿਭਾਗ ਹੁਣ ਤੱਕ 1632 ਪੁਸਤਕਾਂ ਦਾ ਪ੍ਰਕਾਸ਼ਨ ਕਰ ਚੁੱਕਾ ਹੈ ਜਿਸ ਵਿਚ ਕੋਸ਼ਕਾਰੀ ਅਤੇ ਪੰਜਾਬੀ ਵਿਸ਼ਵ ਕੋਸ਼ ਜੋ ਪੰਜਾਬੀ ਭਾਸ਼ਾ ਵਿਚ ਹੋਣ ਵਾਲਾ ਪਹਿਲਾ ਕਾਰਜ ਹੈ। ਵਿਦਿਆਰਥੀਆਂ ਅਤੋ ਖੋਜਾਰਥੀਆਂ ਦੀ ਸਹੂਲਤ ਲਈ 35 ਦੇ ਕਰੀਬ ਸ਼ਬਦਾਵਲੀਆਂ ਪੰਜਾਬੀ ਭਾਸ਼ਾ ਵਿਚ ਛਾਪ ਕੇ ਇੱਕ ਵਿਲੱਖਣ ਕਾਰਜ ਕੀਤਾ ਹੈ। ਪੰਜਾਬੀ ਦੀਆਂ ਦੁਰਲੱਭ ਕਿਰਤਾਂ ਜਿਵੇਂ ਮਹਾਨ ਕੋਸ਼, ਪੰਜਾਬ ਦੀਆਂ ਲੋਕ ਕਹਾਣੀਆਂ, ਗੁਲਸਿਤਾਂ ਬੋਸਤਾਂ, ਸ਼ਹੀਦਾਨ-ਏ-ਵਫਾ ਆਦਿ ਪ੍ਰਕਾਸ਼ਿਤ ਕੀਤੀਆਂ ਗਈਆਂ।

ਭਾਸ਼ਾਵਾਂ ਬਾਰੇ ਮੰਤਰੀ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਭਾਸ਼ਾਵਾਂ ਦੇ ਵਿਕਾਸ ਅਤੇ ਪੰਜਾਬੀ ਮਾਂ ਬੋਲੀ ਨੂੰ ਬਣਦਾ ਮਾਣ ਸਤਿਕਾਰ ਦੇਣ ਲਈ ਵਚਨਬੱਧ ਹੈ। ਹਾਲ ਹੀ ਵਿੱਚ ਭਾਸ਼ਾ ਵਿਭਾਗ ਵੱਲੋਂ ਮਨਾਏ ਗਏ ਪੰਜਾਬੀ ਮਾਹ ਦੌਰਾਨ ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਸਾਰੇ ਬੋਰਡਾਂ ਉੱਤੇ ਪੰਜਾਬੀ ਭਾਸ਼ਾ ਨੂੰ ਤਰਜੀਹ ਦੇਣ ਦਾ ਐਲਾਨ ਕੀਤਾ ਗਿਆ। ਦੂਜੀਆਂ ਭਾਸ਼ਾਵਾਂ ਦਾ ਵੀ ਸਤਿਕਾਰ ਕਰਦੇ ਹੋਏ ਬੋਰਡ ਉੱਤੇ ਪੰਜਾਬੀ ਤੋਂ ਬਾਅਦ ਹੋਰ ਕੋਈ ਵੀ ਭਾਸ਼ਾ ਲਿਖੀ ਜਾ ਸਕਦੀ ਹੈ। ਭਾਸ਼ਾ ਵਿਭਾਗ ਵੱਲੋਂ ਵੀ ਪੰਜਾਬੀ, ਹਿੰਦੀ, ਸੰਸਕ੍ਰਿਤ ਅਤੇ ਉਰਦੂ ਭਾਸ਼ਾਵਾਂ ਦੇ ਵਿਕਾਸ ਲਈ ਮਾਅਰਕੇ ਵਾਲਾ ਕਾਰਜ ਕੀਤਾ ਹੈ।ਭਾਸ਼ਾ ਵਿਭਾਗ ਵੱਲੋਂ ਵੱਖ ਵੱਖ ਭਾਸ਼ਾਵਾਂ ਵਿਚ 4 ਰਸਾਲੇ ਪ੍ਰਕਾਸ਼ਿਤ ਕੀਤੇ ਜਾਂਦੇ ਹਨ।

ਉਨ੍ਹਾਂ ਨੇ ਸਮੂਹ ਪੰਜਾਬੀਆਂ ਨੂੰ ਭਾਸ਼ਾ ਵਿਭਾਗ ਦਾ ਇਹ ਸਥਾਪਨਾ ਦਿਵਸ ਸਮੂਹਿਕ ਰੂਪ ਵਿਚ ਮਨਾਉਣ ਦਾ ਸੱਦਾ ਦਿੰਦਿਆਂ ਨਾਲ ਹੀ ਪੰਜਾਬੀਆਂ ਨੂੰ ਇਹ ਯਕੀਨ ਦਿਵਾਇਆ ਕਿ ਸੂਬਾ ਸਰਕਾਰ ਦਾ ਇਹ ਅਦਾਰਾ ਨਿਰੰਤਰ ਹੋਰ ਪੁਲਾਘਾਂ ਪੁੱਟਦਾ ਰਹੇਗਾ।

Leave a Reply

Your email address will not be published. Required fields are marked *

View in English