ਫੈਕਟ ਸਮਾਚਾਰ ਸੇਵਾ
ਹੁਸ਼ਿਆਰਪੁਰ, ਨਵੰਬਰ 12
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਦੇ 350ਵੇਂ ਸਾਲ ਨੂੰ ਸਮਰਪਿਤ ਨਗਰ ਕੀਰਤਨ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੇ ਇਕ ਅਨੋਖੀ ਅਤੇ ਪ੍ਰੇਰਨਾਦਾਇਕ ਪਹਿਲ ਕੀਤੀ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਐਸ.ਐਸ.ਪੀ ਸੰਦੀਪ ਕੁਮਾਰ ਮਲਿਕ ਦੀ ਅਗਵਾਈ ਵਿਚ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀ ਸਾਂਝੀ ਟੀਮ ਨੇ ’ਮੀਟਿੰਗ ਆਨ ਵ੍ਹੀਲਜ਼’ ਤਹਿਤ ਬੱਸ ’ਤੇ ਸਵਾਰ ਹੋ ਕੇ ਮੁਕੇਰੀਆਂ ਤੋਂ ਹੁਸ਼ਿਆਰਪੁਰ ਤੱਕ ਨਗਰ ਕੀਰਤਨ ਰੂਟ ਦਾ ਵਿਸਥਾਰ ਨਾਲ ਨਿਰੀਖਣ ਕੀਤਾ। ਇਸ ਦੌਰਾਨ ਰਸਤੇ ਦੇ ਹਰੇਕ ਪ੍ਰਮੁੱਖ ਸਥਾਨ, ਸੁਰੱਖਿਆ ਪ੍ਰਬੰਧਾਂ, ਲੰਗਰ ਵਾਲੀਆਂ ਥਾਵਾਂ, ਬਿਜਲੀ ਅਤੇ ਸਫ਼ਾਈ ਵਿਵਸਥਾ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਗਈ।
ਇਸ ਨਿਰੀਖਣ ਯਾਤਰਾ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਅਮਰਬੀਰ ਕੌਰ ਭੁੱਲਰ, ਸਹਾਇਕ ਕਮਿਸ਼ਨਰ ਓਇਸ਼ੀ ਮੰਡਲ, ਜ਼ਿਲ੍ਹੇ ਦੇ ਸਾਰੇ ਐਸ.ਡੀ.ਐਮਜ਼, ਐਸ.ਪੀਜ਼, ਡੀ.ਐਸ.ਪੀਜ਼ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹੇ। ਇਕ ਹੀ ਬੱਸ ਵਿਚ ਸਵਾਰ ਹੋ ਕੇ ਮੌਕੇ ’ਤੇ ਜਾ ਕੇ ਸਮੱਸਿਆਵਾਂ ਨੂੰ ਦੇਖਣ ਅਤੇ ਹੱਲ ਤੈਅ ਕਰਨਾ ਇਸ ਪਹਿਲ ਨੂੰ ਵਿਸ਼ੇਸ਼ ਬਣਾਉਂਦਾ ਸੀ। ਇਹ ’ਮੀਟਿੰਗ ਆਨ ਵ੍ਹੀਲਜ਼’ ਨਾ ਕੇਵਲ ਇਕ ਪ੍ਰਸ਼ਾਸਨਿਕ ਤਜਰਬਾ ਰਿਹਾ, ਬਲਕਿ ਇਹ ਟੀਮਵਰਕ ਅਤੇ ਜ਼ਮੀਨੀ ਪੱਧਰ ’ਤੇ ਬਿਹਤਰੀਨ ਉਦਾਹਰਨ ਵੀ ਸ਼ਾਬਿਤ ਹੋਇਆ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਸ਼੍ਰੀਨਗਰ ਤੋਂ ਆਰੰਭ ਹੋ ਕੇ ਇਹ ਇਤਿਹਾਸਕ ਨਗਰ ਕੀਰਤਨ ਪਠਾਨਕੋਟ ਹੁੰਦੇ ਹੋਏ 21 ਨਵੰਬਰ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਦਾਖ਼ਲ ਹੋਵੇਗਾ।ਮੁਕੇਰੀਆਂ ਅਤੇ ਦਸੂਹਾ ਤੋਂ ਗੁਜ਼ਰਦਾ ਹੋਇਆ ਇਹ ਨਗਰ ਕੀਰਤਨ ਗੁਰਦੁਆਰਾ ਰਾਮਪੁਰ ਖੇੜਾ ਪਹੁੰਚੇਗਾ, ਜਿਥੇ ਰਾਤ ਦਾ ਠਹਿਰਾਅ ਹੋਵੇਗਾ। 22 ਨਵੰਬਰ ਨੂੰ ਨਗਰ ਕੀਰਤਨ ਭੂੰਗਾ ਅਤੇ ਹਰਿਆਣਾ ਹੋ ਕੇ ਹੁਸ਼ਿਆਰਪੁਰ ਸ਼ਹਿਰ ਪਹੁੰਚੇਗਾ, ਜਿਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਰਧਾ ਭਾਵਨਾ ਨਾਲ ਇਸ ਨੂੰ ‘ਗਾਰਡ ਆਫ ਆਨਰ’ ਦਿੱਤਾ ਜਾਵੇਗਾ। ਇਸ ਉਪਰੰਤ ਇਹ ਚੱਬੇਵਾਲ, ਮਾਹਿਲਪੁਰ, ਸੈਲਾ ਖੁਰਦ ਅਤੇ ਗੜ੍ਹਸ਼ੰਕਰ ਤੋਂ ਹੁੰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਵੱਲ ਰਵਾਨਾ ਹੋਵੇਗਾ।
ਨਿਰੀਖਣ ਦੌਰਾਨ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਰੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਨਗਰ ਕੀਰਤਨ ਦੇ ਰਸਤੇ ਵਿਚ ਸਫ਼ਾਈ, ਬਿਜਲੀ, ਪਾਣੀ, ਲੰਗਰ, ਟ੍ਰੈਫਿਕ ਅਤੇ ਸੁਰੱਖਿਆ ਵਿਵਸਥਾ ਨੂੰ ਬਿਹਤਰੀਨ ਢੰਗ ਨਾਲ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਲੰਗਰ ਕਮੇਟੀਆਂ ਨਾਲ ਮੁਲਾਕਾਤ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਹੈ। ਐਸ.ਡੀ.ਐਮ ਅਤੇ ਡੀ.ਐਸ.ਪੀ ਪੱਧਰ ’ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਨਗਰ ਕੌਂਸਲਾਂ, ਮਾਰਕੀਟ ਐਸੋਸੀਏਸ਼ਨਾਂ ਅਤੇ ਸਥਾਨਕ ਪ੍ਰਤੀਨਿਧੀਆਂ ਨਾਲ ਮੀਟਿੰਗਾਂ ਜਾਰੀ ਹਨ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ।
ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਪੁਲਿਸ ਵਿਭਾਗ ਨੇ ਨਗਰ ਕੀਰਤਨ ਦੌਰਾਨ ਟ੍ਰੈਫ਼ਿਕ ਅਤੇ ਸੁਰੱਖਿਆ ਵਿਵਸਥਾ ਲਈ ਵਿਸਥਾਰਤ ਪਲਾਨ ਤਿਆਰ ਕੀਤਾ ਹੈ। ਸਾਰੀਆਂ ਸੰਵੇਦਨਸ਼ੀਲ ਥਾਵਾਂ ’ਤੇ ਪੁਲਿਸ ਬਲਾਂ ਦੀ ਤਾਇਨਾਤੀ ਅਤੇ ਨਿਗਰਾਨੀ ਵਿਵਸਥਾ ਮਜ਼ਬੂਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ’ਮੀਟਿੰਗ ਆਨ ਵ੍ਹੀਲਜ਼’ ਦਾ ਇਹ ਅਭਿਆਸ ਇਸ ਗੱਲ ਦਾ ਪ੍ਰਤੀਕ ਹੈ ਕਿ ਪ੍ਰਸ਼ਾਸਨ ਅਤੇ ਪੁਲਿਸ ਦੋਵਾਂ ਨੇ ਮਿਲ ਕੇ ਇਸ ਇਤਿਹਾਸਕ ਮੌਕੇ ਨੂੰ ਸ਼ਰਧਾ, ਅਨੁਸ਼ਾਸਨ ਅਤੇ ਸ਼ਾਨ ਨਾਲ ਮਨਾਉਣ ਲਈ ਪੂਰੀ ਤਿਆਰੀ ਕੀਤੀ ਹੈ।







