ਪੰਜਾਬ ਦੇ 35 ਹਜ਼ਾਰ ਸਕੂਲਾਂ ਵਿੱਚ ਨੌਵੇਂ ਪਾਤਸ਼ਾਹ ਦੀਆਂ ਮਹਾਨ ਸਿੱਖਿਆਵਾਂ ਦਾ ਪਾਸਾਰ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਨਵੰਬਰ 12

ਇਤਿਹਾਸਕ ਅਤੇ ਅਧਿਆਤਮਿਕ ਮਾਹੌਲ ਵਿੱਚ ਰੰਗੇ ਸੂਬੇ ਦੇ 35,000 ਤੋਂ ਵੱਧ ਸਕੂਲਾਂ ਨੇ ਵਿਸ਼ੇਸ਼ ਸਵੇਰ ਦੀਆਂ ਸਭਾਵਾਂ ਕਰਵਾਈਆਂ, ਜਿਨ੍ਹਾਂ ਵਿੱਚ 70 ਲੱਖ ਵਿਦਿਆਰਥੀਆਂ ਨੂੰ 15-ਦਿਨਾਂ ਸਿੱਖਿਆ ਪ੍ਰੋਗਰਾਮ ਤਹਿਤ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਜੀਵਨ, ਲਾਸਾਨੀ ਸ਼ਹਾਦਤ ਅਤੇ ਸਿੱਖਿਆਵਾਂ ਬਾਰੇ ਜਾਣੂ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਸਾਰੇ ਸਿੱਖਿਆ ਬੋਰਡਾਂ ਨਾਲ ਸਬੰਧਤ ਸੂਬੇ ਭਰ ਦੇ ਸਾਰੇ ਸਕੂਲਾਂ (ਸਰਕਾਰੀ, ਪ੍ਰਾਈਵੇਟ ਅਤੇ ਸਹਾਇਤਾ ਪ੍ਰਾਪਤ) ਵਿੱਚ ਨਰਸਰੀ ਤੋਂ ਲੈ ਕੇ 12ਵੀਂ ਜਮਾਤ ਤੱਕ ਇਹ ਲਾਜ਼ਮੀ ਸਿੱਖਿਆ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਵਿੱਚ ਹੱਕ-ਸੱਚ, ਨਿਆਂ ਅਤੇ ਨੈਤਿਕ ਕਦਰਾਂ-ਕੀਮਤਾਂ ਪੈਦਾ ਕੀਤੀਆਂ ਜਾ ਸਕਣ।

ਇਸ ਪ੍ਰੋਗਰਾਮ ਨੂੰ ਮਿਲੇ ਵੱਡੇ ਹੁੰਗਾਰੇ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ, “ਅਸੀਂ ਜੋ ਦੇਖਿਆ ਉਹ ਮਹਿਜ਼ ਇੱਕ ਪ੍ਰੋਗਰਾਮ ਨਹੀਂ ਹੈ, ਸਗੋਂ ਇੱਕ ਲਹਿਰ ਹੈ। 70 ਲੱਖ ਤੋਂ ਵੱਧ ਵਿਦਿਆਰਥੀਆਂ, ਜੋ ਪੰਜਾਬ ਦਾ ਭਵਿੱਖ ਹੈ, ਦਾ ਸਮੂਹਿਕ ਤੌਰ ‘ਤੇ ਧਰਮ, ਸੱਚ ਅਤੇ ਨਿਆਂ ਲਈ ਸ਼ਹਾਦਤ ਦੇਣ ਵਾਲੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਜੀਵਨ ਅਤੇ ਫ਼ਲਸਫ਼ੇ ਬਾਰੇ ਜਾਣਕਾਰੀ ਹਾਸਲ ਕਰ ਰਹੇ ਹਨ, ਜੋ ਇੱਕ ਡੂੰਘਾ ਭਾਵੁਕ ਅਤੇ ਅਹਿਮ ਪਲ ਹੈ। ਇਹ ਪਹਿਲ ਸਾਡੀ ਸਰਕਾਰ ਦੀ ਸਿੱਖਿਆ ਨੀਤੀ ਦਾ ਅਧਾਰ ਹੈ, ਜਿਸ ਤਹਿਤ ਕੇਵਲ ਵਿਦਵਾਨ ਹੀ ਨਹੀਂ ਪੈਦਾ ਕੀਤੇ ਜਾ ਰਹੇ ਬਲਕਿ ਚਰਿੱਤਰ ਨਿਰਮਾਣ ਅਤੇ ਮਨੁੱਖੀ ਕਦਰਾਂ-ਕੀਮਤਾਂ ਵੀ ਪੈਦਾ ਕੀਤੀਆਂ ਜਾ ਰਹੀਆਂ ਹਨ।”

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਵੱਡਮੁੱਲੇ ਗਿਆਨ ਨੂੰ ਸਕੂਲ ਦੇ ਰੁਟੀਨ ਵਿੱਚ ਸ਼ਾਮਲ ਕਰਕੇ, ਸੂਬਾ ਸਰਕਾਰ ਬੱਚਿਆਂ ਨੂੰ ਇੱਕ ਨੈਤਿਕ ਦਿਸ਼ਾ ਪ੍ਰਦਾਨ ਕਰ ਰਹੀ ਹੈ ਜੋ ਤਾਉਮਰ ਉਨ੍ਹਾਂ ਦਾ ਮਾਰਗਦਰਸ਼ਨ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਇਹ ਸੂਬਾ ਪੱਧਰੀ ਪਹਿਲਕਦਮੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਨੈਤਿਕ ਕਦਰਾਂ-ਕੀਮਤਾਂ ਅਤੇ ਸੂਬੇ ਦੀ ਅਮੀਰ ਵਿਰਾਸਤ ਨੂੰ ਸਿੱਖਿਆ ਵਿੱਚ ਸ਼ਾਮਲ ਕਰਨ ਦੇ ਯਤਨਾਂ ਦਾ ਇੱਕ ਮੁੱਖ ਹਿੱਸਾ ਹੈ, ਜੋ ਨੌਜਵਾਨਾਂ ਦੇ ਮਨਾਂ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸਦੀਵੀਂ ਵਿਰਾਸਤ ਨਾਲ ਜੋੜਦੀ ਹੈ।

30 ਨਵੰਬਰ, 2025 ਤੱਕ ਚੱਲਣ ਵਾਲੇ ਇਸ ਸਿੱਖਿਆ ਪ੍ਰੋਗਰਾਮ ਤਹਿਤ ਸਵੇਰ ਦੀ ਸਭਾ ਵਿੱਚ 10-12 ਮਿੰਟ ਲਈ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ, ਸ਼ਹਾਦਤ, ਮਾਤਾ ਗੁਜਰੀ ਜੀ ਦੇ ਜੀਵਨ ਅਤੇ ਖਾਲਸਾ ਪੰਥ ਦੀ ਸਿਰਜਣਾ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵਿਸ਼ੇਸ਼ ਭਾਸ਼ਣ, ਕਵਿਤਾ ਪਾਠ, ਭਾਸ਼ਣ ਮੁਕਾਬਲੇ, ਲੇਖ ਅਤੇ ਇਤਿਹਾਸਕ ਕਿਤਾਬਾਂ ਦੀ ਵੰਡ ਸਬੰਧੀ ਪ੍ਰੋਗਰਾਮ ਕਰਵਾਏ ਜਾਣਗੇ, ਜਿਹਨਾਂ ਦਾ ਉਦੇਸ਼ ਨੌਵੇਂ ਪਾਤਸ਼ਾਹ ਵੱਲੋਂ ਦਿਖਾਏ ਰਸਤੇ ਅਤੇ ਕਦਰਾਂ-ਕੀਮਤਾਂ ਬਾਰੇ ਨੌਜਵਾਨਾਂ ਵਿੱਚ ਡੂੰਘੀ ਸੂਝ ਪੈਦਾ ਕੀਤੀ ਜਾ ਸਕੇ।

Leave a Reply

Your email address will not be published. Required fields are marked *

View in English